ਨੰਗਲ, 3 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਹਨੂੰਮਾਨ ਜੈਯੰਤੀ ਦੇ ਪਾਵਨ ਮੌਕੇ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ਼ਿਵਾਲਿਕ ਅਵੈਨਿਊ, ਨੰਗਲ ਵਿਖੇ ਸਥਿਤ ਹਨੂੰਮਾਨ ਮੰਦਿਰ ਵਿਚ ਧਾਰਮਿਕ ਸਮਾਗਮ ਵਿਚ ਸ਼ਿਰਕਤ ਕੀਤੀ ਗਈ | ਇਸ ਮੌਕੇ ਮੰਦਿਰ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ | ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਪਾਵਨ ਅਵਸਰ 'ਤੇ ਹਨੂੰਮਾਨ ਮੰਦਿਰ ਵਿਚ ਨਤਮਸਤਕ ਹੋ ਕੇ ਬਜਰੰਗ ਬਲੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਵਲੋਂ ਵਿਸ਼ੇਸ਼ ਤੌਰ 'ਤੇ ਅਰਦਾਸ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ਮੰਦਿਰ ਵਿਚ ਚੱਲ ਰਹੀ ਭਜਨ-ਕੀਰਤਨ ਸੇਵਾ ਵਿਚ ਵੀ ਭਾਗ ਲਿਆ | ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਧਾਰਮਿਕ ਤਿਉਹਾਰ ਸਾਡੇ ਸਮਾਜ ਦੀ ਸਾਂਝੀ ਵਿਰਾਸਤ ਹਨ, ਜੋ ਲੋਕਾਂ ਵਿਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ |