ਮੋਰਿੰਡਾ, 4 ਅਪ੍ਰੈਲ (ਪਿ੍ਤਪਾਲ ਸਿੰਘ)-ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਉਸ ਦੇ ਮੋਰਿੰਡਾ ਚੰਡੀਗੜ੍ਹ ਮਾਰਗ 'ਤੇ ਸਥਿਤ ਪ੍ਰੀਤਮ ਪੈਟਰੋਵੇਜ ਪੈਟਰੋਲ ਪੰਪ ਤੋਂ ਬੀਤੀ ਰਾਤ 11 ਵਜੇ ਦੇ ਕਰੀਬ ਇਕ ਬਗੈਰ ਨੰਬਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਪੈਟਰੋਲ ਪੰਪ 'ਤੇ ਤੇਲ ਪਵਾਉਣ ਲਈ ਆਈ | ਜਿਸ 'ਚ ਦੋ ਮੋਨੇ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਹਰਮਨਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਨੂੰ ਗੱਡੀ ਦੀ ਟੈਂਕੀ ਫ਼ੁਲ ਕਰਨ ਲਈ ਕਿਹਾ, ਜਿਸ 'ਤੇ ਉਨ੍ਹਾਂ ਨੇ ਗੱਡੀ ਦੀ ਟੈਂਕੀ ਫ਼ੁਲ ਕਰ ਦਿੱਤੀ ਅਤੇ ਰੀਡਿੰਗ ਅਨੁਸਾਰ ਗੱਡੀ 'ਚ ਕਰੀਬ 5860 ਰੁਪਏ ਦਾ ਤੇਲ ਪੈ ਗਿਆ | ਕਾਰ ਸਵਾਰਾਂ ਨੇ ਪੰਪ ਦੇ ਮੁਲਾਜ਼ਮਾਂ ਨੂੰ ਪੇਮੈਂਟ ਕਰਨ ਲਈ ਸਕੈਨਰ ਮੰਗਵਾਇਆ ਤੇ ਜਦੋਂ ਮੁਲਾਜ਼ਮ ਉਨ੍ਹਾਂ ਕੋਲ ਸਕੈਨਰ ਲੈ ਕੇ ਗਏ ਤਾਂ ਉਹ ਗੱਡੀ ਭਜਾ ਕੇ ਫ਼ਰਾਰ ਹੋ ਗਏ | ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਪੈਟਰੋਲ ਪੰਪ ਦੇ ਮੁਲਾਜ਼ਮਾਂ ਵਲੋਂ ਦੌੜ ਕੇ ਗੱਡੀ ਦਾ ਪਿੱਛਾ ਵੀ ਕੀਤਾ ਗਿਆ ਪਰ ਅਸਫਲ ਰਹੇ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਪੰਪ ਦੇ ਮੁਲਾਜ਼ਮਾਂ ਵਲੋਂ ਤੁਰੰਤ ਉਨ੍ਹਾਂ ਨੂੰ ਦੱਸਿਆ ਗਿਆ, ਜਿਸ 'ਤੇ ਉਨ੍ਹਾਂ ਵਲੋਂ 112 ਨੰਬਰ 'ਤੇ ਕਾਲ ਕੀਤੀ ਗਈ ਤਾਂ ਅੱਗੋਂ ਜਵਾਬ ਆਇਆ ਕਿ ਜਿਥੇ ਘਟਨਾ ਵਾਪਰੀ ਹੈ ਉਨ੍ਹਾਂ ਤੋਂ ਫੋਨ ਕਰਵਾਓ | ਜਗਵਿੰਦਰ ਸਿੰਘ ਪੰਮੀ ਨੇ ਦੋਸ਼ ਲਗਾਏ ਕਿ ਉਸ ਤੋਂ ਬਾਅਦ ਪੰਪ ਦੇ ਮੁਲਾਜ਼ਮਾਂ ਵਲੋਂ ਅਨੇਕਾਂ ਵਾਰ 112 ਨੰਬਰ 'ਤੇ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ | ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਕੇ ਧੋਖਾ ਦੇਣ ਵਾਲੇ ਕਾਰ ਸਵਾਰਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਪੇਮੈਂਟ ਦਵਾਈ ਜਾਵੇ ਤੇ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ | ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਹਿਫ਼ਾਜ਼ਤ ਲਈ ਅਸਲ੍ਹਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਅਸਲ੍ਹੇ ਦਾ ਲਾਇਸੈਂਸ ਨਹੀਂ ਮਿਲ ਰਿਹਾ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਅਸਲ੍ਹੇ ਦੇ ਲਾਇਸੈਂਸ ਵੀ ਜਾਰੀ ਕੀਤਾ ਜਾਵੇ | ਜਦੋਂ ਇਸ ਸੰਬੰਧੀ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐਸ. ਐੱਚ. ਓ. ਗੁਰਮੁਖ ਸਿੰਘ ਨੇ ਕਿਹਾ ਕਿ ਹਾਲੇ ਉਨ੍ਹਾਂ ਤੱਕ ਸ਼ਿਕਾਇਤ ਨਹੀਂ ਪਹੁੰਚੀ ਸ਼ਿਕਾਇਤ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ |