ਡੇਰਾਬੱਸੀ, 5 ਅਪ੍ਰੈਲ (ਗੁਰਮੀਤ ਸਿੰਘ)-ਮਹਿਲਾਵਾਂ 'ਚ ਬ੍ਰੈਸਟ ਕੈਂਸਰ ਦੇ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ 'ਸਿਹਤਮੰਦ ਨਾਰੀ-ਸਿਹਤਮੰਦ ਪਰਿਵਾਰ' ਮੁਹਿੰਮ ਤਹਿਤ ਲੋਕ ਹਿਤ ਸੇਵਾ ਸਮਿਤੀ ਵਲੋਂ ਕੌਂਸਲਰ ਟੋਨੀ ਰਾਣਾ, ਸੋਹਾਣਾ ਮਲਟੀਸਪੈਸ਼ਲਟੀ ਹਸਪਤਾਲ ਮੁਹਾਲੀ ਅਤੇ ਵੈਲਕੇਅਰ ਪਾਥ ਲੈਬ ਪ੍ਰਾ. ਲਿ. ਢਕੋਲੀ ਦੇ ਸਹਿਯੋਗ ਨਾਲ ਸੂਰਿਆ ਮਹਿਲ ਪੈਲੇਸ ਮੁਬਾਰਕਪੁਰ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਮਹਿੰਗੇ ਮੈਮੋਗ੍ਰਾਫੀ ਟੈਸਟ ਮੁਫ਼ਤ ਕਰਨ ਦੇ ਨਾਲ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਕੋਲੇਸਟ੍ਰੋਲ, ਯੂਰੀਕ ਐਸਿਡ ਅਤੇ ਟੋਟਲ ਬਿਲਿਰੂਬਿਨ ਆਦਿ ਦੀ ਜਾਂਚ ਮੁਫ਼ਤ ਕੀਤੀ ਗਈ | ਇਸ ਤੋਂ ਇਲਾਵਾ ਡਾਕਟਰੀ ਸਲਾਹ ਵੀ ਦਿੱਤੀ ਗਈ | ਇਸ ਸੰਬੰਧੀ ਸਮਿਤੀ ਦੇ ਬੁਲਾਰੇ ਮੀਨਾਕਸ਼ੀ ਬੰਸਲ ਨੇ ਦੱਸਿਆ ਕਿ ਉਕਤ ਕੈਂਪ ਦਾ ਉਦਘਾਟਨ ਭਾਜਪਾ ਆਗੂ ਐਡਵੋਕੇਟ ਮੁਕੇਸ਼ ਗਾਂਧੀ ਨੇ ਕੀਤਾ | ਇਸ ਮੌਕੇ ਆਰ. ਐਸ. ਐਸ. ਦੇ ਜ਼ਿਲ੍ਹਾ ਯੂਨੀਅਨ ਚਾਲਕ ਅਸ਼ਵਨੀ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਮੈਮੋਗ੍ਰਾਫੀ ਲਈ 35 ਮਹਿਲਾਵਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਪਰ ਮਸ਼ੀਨ 'ਚ ਖ਼ਰਾਬੀ ਕਾਰਨ ਕੇਵਲ 15 ਮਹਿਲਾਵਾਂ ਦੇ ਟੈਸਟ ਹੀ ਹੋ ਸਕੇ | ਇਸ ਤੋਂ ਇਲਾਵਾ 80 ਤੋਂ ਵੱਧ ਮਹਿਲਾਵਾਂ ਅਤੇ ਪੁਰਸ਼ਾਂ ਨੇ ਕੈਂਪ ਵਿਚ ਆਪਣੀ ਸਿਹਤ ਜਾਂਚ ਕਰਵਾਈ | ਇਸ ਕੈਂਪ ਦੀ ਸਫਲਤਾ ਵਿਚ ਅੰਜੂ ਅਗਰਵਾਲ, ਰਜਨੀ ਕਪੂਰ, ਵਾਸੁਮਤੀ ਸ਼ਰਮਾ, ਵੀਨਾ ਭਾਰਗਵ, ਰਜਨੀ ਰਾਠੌੜ, ਕੁਸੁਮ ਸ਼ਰਮਾ, ਰਜਨੀਸ਼ ਕੌਰ, ਸਤੀਸ਼ ਭਾਰਦਵਾਜ ਅਤੇ ਹੋਰਨਾਂ ਦਾ ਯੋਗਦਾਨ ਰਿਹਾ |