ਰੂਪਨਗਰ, 15 ਅਪ੍ਰੈਲ (ਸਤਨਾਮ ਸਿੰਘ ਸੱਤੀ/ਗੁਰਪ੍ਰੀਤ ਸਿੰਘ ਹੁੰਦਲ)-ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਅੱਠਵੇਂ ਗੇੜ ਦੀ ਮੂੰਹ-ਖੁਰ ਟੀਕਾਕਰਨ ਮੁਹਿੰਮ ਦੀ ਰਾਜ ਪੱਧਰੀ ਸ਼ੁਰੂਆਤ ਅੱਜ ਗੋਪਾਲ ਗਊਸ਼ਾਲਾ ਰੂਪਨਗਰ ਵਿਖੇ ਕੀਤੀ ਗਈ | ਇਸ ਮੁਹਿੰਮ ਦਾ ਉਦਘਾਟਨ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵਲੋਂ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਸ਼ੂਆਂ ਦੀ ਭਲਾਈ ਅਤੇ ਪਸ਼ੂ ਪਾਲਕਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ | ਉਨਾਂ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ ਪੂਰੇ ਪੰਜਾਬ ਵਿਚ ਮੁਫ਼ਤ ਚਲਾਈ ਜਾਵੇਗੀ ਅਤੇ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਪਸ਼ੂਆਂ ਨੂੰ ਮੂੰਹ-ਖੁਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ | ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਭਰ ਵਿਚ ਟੀਕਾਕਰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਇਹ ਮੁਹਿੰਮ 29 ਮਈ 2026 ਤੱਕ ਪੂਰੀ ਕੀਤੀ ਜਾਵੇਗੀ | ਉਨਾਂ ਸਟਾਫ਼ ਨੂੰ ਟੀਕਾਕਰਨ ਦੌਰਾਨ ਕੋਲਡ ਚੇਨ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ | ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਲਈ ਰੂਪਨਗਰ ਦੀ ਚੋਣ ਕਰਨ 'ਤੇ ਮੰਤਰੀ ਦਾ ਧੰਨਵਾਦ ਕੀਤਾ | ਇਸ ਮੌਕੇ ਗਊਸ਼ਾਲਾ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਪ੍ਰਸ਼ਾਸਨਿਕ ਅਤੇ ਵਿਭਾਗੀ ਅਧਿਕਾਰੀਆਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ |