ਸ੍ਰੀ ਚਮਕੌਰ ਸਾਹਿਬ, 15 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਦਿਤਆ ਡੇਚਲਵਾਲ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੰਡੀ ਵਿਚ ਪਈ ਕਣਕ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਖ਼ਰੀਦੀ ਕਣਕ ਦੀ ਨਾਲ ਹੀ ਚੁਕਾਈ ਕਰਵਾਈ ਜਾਵੇ ਅਤੇ ਜੋ ਸਹੀ ਮਾਪਦੰਡਾਂ ਵਾਲੀ ਕਣਕ ਮੰਡੀ ਵਿਚ ਆ ਰਹੀ ਹੈ, ਉਸ ਦੀ ਖ਼ਰੀਦ ਵਿਚ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਉਨਾਂ ਕਣਕ ਲੈ ਕੇ ਮੰਡੀ ਵਿਚ ਆਏ ਕਿਸਾਨਾਂ ਅਤੇ ਮੰਡੀ ਦੇ ਆੜ੍ਹਤੀਆਂ ਨਾਲ ਵੀ ਗੱਲ ਕਰਨ ਉਪਰੰਤ ਸਖ਼ਤ ਹਦਾਇਤਾਂ ਕੀਤੀਆਂ ਕਿ ਸੁੱਕੀ ਕਣਕ ਲੈ ਕੇ ਆਏ ਕਿਸੇ ਵੀ ਕਿਸਾਨ ਨੂੰ ਮੰਡੀ ਵਿਚ ਖੱਜਲ ਖ਼ੁਆਰ ਨਾ ਹੋਣਾ ਪਵੇ | ਇਸ ਮੌਕੇ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸੈਕਟਰੀ ਅਰਵਿੰਦ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਮਾਰਕੀਟ ਕਮੇਟੀ ਅਧੀਨ ਸ੍ਰੀ ਚਮਕੌਰ ਸਾਹਿਬ, ਬੇਲਾ, ਬਸੀ ਗੁੱਜਰਾਂ, ਗੱਗੋਂ ਅਤੇ ਹਾਫਿਜਾਬਾਦ ਵਿਖੇ 4094 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਜਦਕਿ ਸੱਲ੍ਹੋਮਾਜਰਾ ਯਾਰਡ 'ਚ ਅਜੇ ਖ਼ਰੀਦ ਸ਼ੁਰੂ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 14 ਅਪ੍ਰੈਲ ਤੱਕ ਖ਼ਰੀਦੀ ਫ਼ਸਲ ਦੀ ਅਦਾਇਗੀ ਖਾਤਿਆਂ ਵਿਚ ਪਾ ਦਿੱਤੀ ਗਈ ਹੈ | ਮਾਰਕੀਟ ਕਮੇਟੀ ਦੇ ਸੈਕਟਰੀ ਸਕਿੰਦਰ ਸਿੰਘ ਸਹੇੜੀ ਨੇ ਦੱਸਿਆ ਕਿ ਮੌਸਮ ਕਾਰਨ ਕਣਕ ਦੀ ਆਮਦ ਦੇਰੀ ਨਾਲ ਸ਼ੁਰੂ ਹੋਈ ਹੈ ਤੇ ਮੌਸਮ ਗਰਮ ਹੋਣ ਨਾਲ ਹੀ ਮੰਡੀ ਵਿਚ ਹੁਣ ਕਣਕ ਦੀ ਆਮਦ ਵੀ ਤੇਜ਼ ਹੋਈ ਹੈ ਅਤੇ ਅਗਲੇ ਦਿਨਾਂ ਵਿਚ ਕਾਫ਼ੀ ਮਾਤਰਾ ਵਿਚ ਕਣਕ ਆਉਣ ਦੀ ਸੰਭਾਵਨਾ ਹੈ | ਇੱਥੇ ਦੱਸਣਯੋਗ ਹੈ ਕਿ ਅੱਜ ਤੱਕ ਕੁੱਲ ਖ਼ਰੀਦੀ ਕਣਕ ਦੀ ਸਿਰਫ਼ 420 ਮੀਟਿ੍ਕ ਟਨ ਕਣਕ ਦੀ ਹੀ ਚੁਕਾਈ ਹੋਈ ਹੈ ਤੇ ਮੰਡੀ ਵਿਚ ਕਣਕ ਦੀਆਂ ਢੇਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਇਸ ਮੌਕੇ ਜ਼ਿਲਾ ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ, ਡੀ ਐਫ ਓ, ਜਗਮੋਹਣ ਸਿੰਘ ਬਲਾਕ ਪ੍ਰਧਾਨ ਮੋਰਿੰਡਾ, ਕੇਵਲ ਜੋਸ਼ੀ ਮੋਰਿੰਡਾ, ਇੰਸਪੈਕਟਰ ਰਾਜਿੰਦਰ ਕੁਮਾਰ, ਖ਼ੁਸ਼ੀ ਰਾਮ, ਮੰਡੀ ਪ੍ਰਧਾਨ ਨਾਇਬ ਸਿੰਘ ਓਇੰਦ, ਮਨਜੀਤ ਸਿੰਘ ਕੰਗ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਭੰਗੂ, ਕੇਹਰ ਸਿੰਘ ਦੁੱਗਰੀ, ਉੱਜਲ ਸਿੰਘ, ਬਲਜੀਤ ਸਿੰਘ ਮਹਿਤੋਤ, ਸਵਰਨ ਸਿੰਘ, ਜਸਵੀਰ ਸਿੰਘ ਢਿੱਲੋਂ ਸਮੇਤ ਸੁਪਰਵਾਈਜ਼ਰ ਹਰਪ੍ਰੀਤ ਸਿੰਘ ਬੋਪਾਰਾਏ, ਪਰਮਜੀਤ ਸਿੰਘ ਸੈਣੀ, ਗਗਨ ਆਦਿ ਵੀ ਹਾਜ਼ਰ ਸਨ |