ਰੂਪਨਗਰ, 16 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਦੀਆਂ ਮਿੳਾੂਸੀਪਲ ਕੌਂਸਲਾਂ ਦੀਆਂ ਸਾਲ 2026 ਦੀਆਂ ਆਮ ਚੋਣਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀ ਮਿੳਾੂਸੀਪਲ ਚੋਣ ਸ਼ਾਖਾ ਵਲੋਂ ਸੀਟਾਂ ਰਾਖਵੀਂਆਂ ਅਤੇ ਨਿਰਧਾਰਿਤ ਕਰਨ ਲਈ ਗਜ਼ਟ ਜਾਰੀ ਕਰ ਦਿੱਤਾ ਗਿਆ ਹੈ | ਇਸ ਗਜ਼ਟ ਦੇ ਜਾਰੀ ਹੋਣ ਨਾਲ ਜਿੱਥੇ ਕਈ ਮੌਜੂਦਾ ਕੌਂਸਲਰਾਂ ਅਤੇ ਚੋਣ ਲੜਨ ਦੇ ਇੱਛੁਕ ਆਗੂਆਂ ਵਿਚ ਖ਼ੁਸ਼ੀ ਦੀ ਲਹਿਰ ਦੌੜੀ ਹੈ, ਉੱਥੇ ਕਈਆਂ ਦੀਆਂ ਰਾਜਨੀਤਿਕ ਉਮੀਦਾਂ ਨੂੰ ਵੱਡਾ ਝਟਕਾ ਵੀ ਲੱਗਿਆ ਹੈ | ਜਾਰੀ ਗਜ਼ਟ ਅਨੁਸਾਰ ਨਗਰ ਕੌਂਸਲ ਰੂਪਨਗਰ ਵਿਚ ਪਹਿਲਾਂ ਵਾਂਗ ਕੁੱਲ 21 ਵਾਰਡ ਨਿਰਧਾਰਿਤ ਕੀਤੇ ਗਏ ਹਨ | ਇਨ੍ਹਾਂ ਵਿਚ ਵਾਰਡ ਨੰਬਰ 1 ਅਤੇ 17 ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੀਤੇ ਗਏ ਹਨ, ਜਦਕਿ ਵਾਰਡ ਨੰਬਰ 6 ਅਤੇ 21 ਅਨੁਸੂਚਿਤ ਜਾਤੀ ਮਹਿਲਾਵਾਂ ਲਈ ਰਾਖਵੇਂ ਹੋਣਗੇ | ਵਾਰਡ ਨੰਬਰ 15 ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਕੀਤਾ ਗਿਆ ਹੈ | ਇਸ ਤੋਂ ਇਲਾਵਾ ਵਾਰਡ ਨੰਬਰ 2, 4, 8, 10, 12, 14, 16 ਅਤੇ 18 ਮਹਿਲਾਵਾਂ ਲਈ ਰਾਖਵੇਂ ਕਰ ਦਿੱਤੇ ਗਏ ਹਨ, ਜਦਕਿ ਵਾਰਡ ਨੰਬਰ 3, 5, 7, 9, 11, 13, 19 ਅਤੇ 20 ਜਨਰਲ ਸ਼੍ਰੇਣੀ ਵਿਚ ਰਹਿਣਗੇ | ਰਾਖਵੇਂਕਰਨ ਦੀ ਇਸ ਨਵੀਂ ਵਿਵਸਥਾ ਨੇ ਸ਼ਹਿਰ ਦੀ ਸਿਆਸਤ ਵਿਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ | ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਅਸ਼ੋਕ ਵਾਹੀ ਦਾ ਵਾਰਡ ਨੰਬਰ 10 ਮਹਿਲਾਵਾਂ ਲਈ ਰਾਖਵਾਂ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਲਈ ਮੁੜ ਚੋਣ ਲੜਨ ਦਾ ਸਮੀਕਰਨ ਬਦਲ ਗਿਆ ਹੈ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸਮਰਥਕ ਕੌਂਸਲਰਾਂ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਅਮਰਿੰਦਰ ਸਿੰਘ ਰੀਹਲ ਦੇ ਵਾਰਡ ਨੰਬਰ 21 ਅਤੇ 4 ਵੀ ਰਾਖਵੇਂ ਹੋ ਗਏ ਹਨ, ਜਿਨ੍ਹਾਂ ਵਿਚੋਂ ਇੱਕ ਮਹਿਲਾਵਾਂ ਲਈ ਅਤੇ ਦੂਜਾ ਐਸ.ਸੀ. ਮਹਿਲਾ ਲਈ ਰਾਖਵਾਂ ਕਰ ਦਿੱਤਾ ਗਿਆ ਹੈ | ਦੋਵੇਂ ਆਗੂਆਂ ਨੂੰ ਅਗਲੀਆਂ ਚੋਣਾਂ ਦੇ ਮਜ਼ਬੂਤ ਦਾਣੇਦਾਰ ਮੰਨਿਆ ਜਾ ਰਿਹਾ ਸੀ ਅਤੇ ਉਨ੍ਹਾਂ ਦੀ ਨਜ਼ਰ ਉੱਚੀ ਕੁਰਸੀ 'ਤੇ ਵੀ ਜਾਪਦੀ ਸੀ, ਪਰ ਹੁਣ ਉਨ੍ਹਾਂ ਦੀ ਰਾਜਨੀਤਿਕ ਯੋਜਨਾ ਨੂੰ ਝਟਕਾ ਲੱਗਿਆ ਹੈ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਲਈ ਰਾਹ ਸੁਗਮ ਹੋਇਆ ਹੈ ਕਿਉਂਕਿ ਉਨ੍ਹਾਂ ਦਾ ਵਾਰਡ ਹੁਣ ਜਨਰਲ ਹੋ ਗਿਆ ਹੈ | ਇਹ ਵਾਰਡ ਪਹਿਲਾਂ ਮਹਿਲਾਵਾਂ ਲਈ ਰਾਖਵਾਂ ਸੀ, ਜਿੱਥੋਂ ਉਨ੍ਹਾਂ ਦੀ ਧਰਮ-ਪਤਨੀ ਇਕਬਾਲ ਕੌਰ ਚੋਣ ਜਿੱਤ ਚੁੱਕੀ ਹੈ | ਵਾਰਡ ਨੰਬਰ 17, ਜਿੱਥੋਂ ਪਹਿਲਾਂ ਅਕਾਲੀ ਆਗੂ ਚਰਨਜੀਤ ਕੌਰ ਚੋਣ ਜਿੱਤੇ ਸਨ, ਹੁਣ ਇਹ ਵਾਰਡ ਵੀ ਐਸ.ਸੀ. ਵਰਗ ਲਈ ਰਾਖਵਾਂ ਹੋ ਗਿਆ ਹੈ | ਜਸਪਿੰਦਰ ਕੌਰ ਪਿੰਕਾ ਦਾ ਵਾਰਡ ਨੰਬਰ 3 ਐਸ.ਸੀ. ਮਹਿਲਾ ਤੋਂ ਬਦਲ ਕੇ ਜਨਰਲ ਕਰ ਦਿੱਤਾ ਗਿਆ ਹੈ, ਜਦਕਿ ਮੋਹਿਤ ਸ਼ਰਮਾ ਦਾ ਵਾਰਡ ਨੰਬਰ 6 ਜਨਰਲ ਤੋਂ ਐਸ.ਸੀ. ਮਹਿਲਾ ਲਈ ਰਾਖਵਾਂ ਹੋ ਗਿਆ ਹੈ | ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਾਬਕਾ ਪ੍ਰਧਾਨ ਸੰਜੇ ਵਰਮਾ ਦਾ ਵਾਰਡ ਨੰਬਰ 8 ਵੀ ਮਹਿਲਾਵਾਂ ਲਈ ਰਾਖਵਾਂ ਹੋ ਗਿਆ ਹੈ | ਉਨ੍ਹਾਂ ਨੇ ਪਹਿਲਾਂ ਮੌਜੂਦਾ ਪ੍ਰਧਾਨ ਅਸ਼ੋਕ ਵਾਹੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਉਹ ਅਗਲੀ ਚੋਣ ਉਨ੍ਹਾਂ ਦੇ ਵਿਰੁੱਧ ਲੜਨਗੇ, ਪਰ ਹੁਣ ਦੋਵਾਂ ਦੇ ਵਾਰਡ 8 ਅਤੇ 10 ਮਹਿਲਾਵਾਂ ਲਈ ਰਾਖਵੇਂ ਹੋਣ ਕਾਰਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਕਿਹੜੇ ਵਾਰਡ ਤੋਂ ਚੋਣ ਲੜਦੇ ਹਨ | ਸੰਭਾਵਨਾ ਹੈ ਕਿ ਦੋਵੇਂ ਵਾਰਡ ਨੰਬਰ 9 ਵੱਲ ਰੁੱਖ ਕਰ ਸਕਦੇ ਹਨ | ਕਾਂਗਰਸੀ ਕੌਂਸਲਰ ਅਮਰਜੀਤ ਸਿੰਘ ਜੌਲੀ ਦਾ ਵਾਰਡ ਨੰਬਰ 14 ਵੀ ਮਹਿਲਾਵਾਂ ਲਈ ਰਾਖਵਾਂ ਹੋ ਗਿਆ ਹੈ | ਦੂਜੇ ਪਾਸੇ ਵਾਰਡ ਨੰਬਰ 15 ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਹੋਣ ਨਾਲ ਅਕਾਲੀ ਆਗੂ ਗੁਰਮੁਖ ਸਿੰਘ ਸੈਣੀ ਲਈ ਰਾਹ ਕੁੱਝ ਸੁਗਮ ਹੋ ਗਿਆ ਹੈ, ਜੋ ਪਹਿਲਾਂ ਵੀ ਇੱਥੋਂ ਕੌਂਸਲਰ ਰਹਿ ਚੁੱਕੇ ਹਨ | ਵਾਰਡ ਨੰਬਰ 16, ਜਿੱਥੋਂ ਕਾਂਗਰਸ ਦੇ ਹਲਕਾ ਇੰਚਾਰਜ ਦੇ ਕਰੀਬੀ ਸਰਬਜੀਤ ਸਿੰਘ ਸੈਣੀ ਦਾਅਵੇਦਾਰ ਮੰਨੇ ਜਾਂਦੇ ਸਨ, ਹੁਣ ਇਹ ਵਾਰਡ ਵੀ ਮਹਿਲਾਵਾਂ ਲਈ ਰਾਖਵਾਂ ਹੋ ਗਿਆ ਹੈ | ਇਸੇ ਤਰ੍ਹਾਂ ਨਵੇਂ ਬਣੇ ਬਲਾਕ ਕਾਂਗਰਸ ਪ੍ਰਧਾਨ ਰਜੇਸ਼ ਕੁਮਾਰ ਦਾ ਵਾਰਡ ਨੰਬਰ 18 ਵੀ ਮਹਿਲਾਵਾਂ ਲਈ ਰਾਖਵਾਂ ਹੋ ਗਿਆ ਹੈ | ਕੁੱਲ ਮਿਲਾ ਕੇ, ਇਸ ਵਾਰ ਦੇ ਰਾਖਵੇਂਕਰਨ ਨੇ ਰੂਪਨਗਰ ਦੀ ਸਿਆਸਤ ਦਾ ਪੂਰਾ ਚਿਹਰਾ ਬਦਲ ਦਿੱਤਾ ਹੈ | ਜਿੱਥੇ ਕਈ ਨੇਤਾਵਾਂ ਦੇ ਅਰਮਾਨਾਂ 'ਤੇ ਪਾਣੀ ਫਿਰਿਆ ਹੈ, ਉੱਥੇ ਕਈ ਹੋਰਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੁੱਲ੍ਹ ਗਏ ਹਨ |