ਰੂਪਨਗਰ, 18 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੇ ਹਰ ਗਲੀ-ਮੁਹੱਲੇ ਨੂੰ ਬੇਸਹਾਰਾ ਗਊਆਂ, ਖੱਚਰਾਂ, ਘੋੜਿਆਂ ਦੇ ਝੁੰਡਾਂ ਅਤੇ ਲਾਵਾਰਸ ਕੁੱਤਿਆਂ ਨੇ ਘੇਰ ਲਿਆ ਹੈ | ਕੁੱਤਿਆਂ ਦੇ ਵਧਦੇ ਆਤੰਕ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ | ਅੱਜ ਇੱਕ ਹੋਰ ਮਹਿਲਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਈ, ਜਿਸ ਦੀ ਲੱਤ ਦਾ ਮਾਸ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਲਿਆ | ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ | ਬੀਤੇ ਦਿਨ ਵੀ ਇੱਕ ਮਹਿਲਾ ਨੂੰ ਕੁੱਤੇ ਨੇ ਕੱਟਿਆ ਸੀ, ਜਦਕਿ ਅੱਜ ਉੱਚਾ ਖੇੜਾ ਦੇ ਰਾਮਾ ਮੰਦਰ ਕੋਲ 60 ਸਾਲਾਂ ਮਹਿਲਾ ਸ਼ਕੁੰਤਲਾ 'ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ | ਜਖਮੀ ਮਹਿਲਾ ਦੀ ਜਾਨ ਮਸਾਂ ਬਚੀ ਹੈ | ਇਸੇ ਤਰ੍ਹਾਂ ਪਿਛਲੇ ਇੱਕ ਮਹੀਨੇ ਤੋਂ ਸ਼ਹਿਰ ਵਿਚ ਆਵਾਰਾ ਕੁੱਤਿਆਂ ਦਾ ਅਤੰਕ ਲਗਾਤਾਰ ਵਧ ਰਿਹਾ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕੁੱਤੇ ਹਰ ਵੇਲੇ ਗਲੀਆਂ ਵਿਚ ਘੁੰਮਦੇ ਰਹਿੰਦੇ ਹਨ ਅਤੇ ਆਉਣ-ਜਾਣ ਵਾਲੇ ਲੋਕਾਂ ਉੱਤੇ ਹਮਲੇ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ 4 ਤੋਂ 5 ਦਿਨਾਂ ਵਿਚ ਹੀ ਲਗਭਗ 17 ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਚੁੱਕੇ ਹਨ | ਕੁੱਤਿਆਂ ਦੇ ਵਧ ਰਹੇ ਹਮਲਿਆਂ ਕਾਰਨ ਲੋਕਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਹੁਣ ਬੱਚੇ ਨਾ ਗਲੀਆਂ ਵਿਚ ਖੇਡ ਸਕਦੇ ਹਨ ਅਤੇ ਨਾ ਹੀ ਨਿਡਰ ਹੋ ਕੇ ਸਕੂਲ ਜਾ ਸਕਦੇ ਹਨ | ਬਜ਼ੁਰਗ ਮਹਿਲਾਵਾਂ ਅਤੇ ਹੋਰ ਲੋਕ ਵੀ ਕੁੱਤਿਆਂ ਦੇ ਡਰ ਕਾਰਨ ਸਹਿਮੇ ਹੋਏ ਹਨ | ਸ਼ਹਿਰ ਦੇ ਮੁਹੱਲਾ ਚਾਰ ਹੱਟੀਆਂ, ਜੈਨ ਮੁਹੱਲਾ, ਉੱਚਾ ਖੇੜਾ ਅਤੇ ਮਾਤਾ ਰਾਣੀ ਮੁਹੱਲਾ ਸਮੇਤ ਕਈ ਇਲਾਕਿਆਂ ਵਿਚ ਆਵਾਰਾ ਕੁੱਤੇ ਖੁੱਲ੍ਹੇਆਮ ਘੁੰਮਦੇ ਨਜ਼ਰ ਆ ਰਹੇ ਹਨ | ਸਥਾਨਕ ਵਾਸੀਆਂ ਮੁਤਾਬਿਕ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ | ਉਧਰ ਸਿਵਲ ਹਸਪਤਾਲ ਰੋਪੜ ਦੇ ਡਾਕਟਰਾਂ ਅਨੁਸਾਰ ਲੰਘੇ ਮਹੀਨੇ ਕਰੀਬ 620 ਲੋਕ ਕੁੱਤਿਆਂ ਦੇ ਕੱਟਣ ਕਾਰਨ ਇਲਾਜ ਲਈ ਪਹੁੰਚੇ ਹਨ, ਜਦਕਿ ਹਰ ਰੋਜ਼ ਔਸਤਨ 15 ਤੋਂ 20 ਮਰੀਜ਼ ਇਲਾਜ ਲਈ ਆ ਰਹੇ ਹਨ | ਇਸ ਤੋਂ ਇਲਾਵਾ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਵਿਚ ਅਕਸਰ ਬੇਸਹਾਰਾ ਪਸ਼ੂਆਂ ਦੇ ਝੁੰਡ ਨਜ਼ਰ ਆਉਂਦੇ ਹਨ, ਜਦਕਿ ਸੋਸ਼ਲ ਮੀਡੀਆ 'ਤੇ ਵੀ ਆਏ ਦਿਨ ਪਸ਼ੂਆਂ ਵਲੋਂ ਲੋਕਾਂ 'ਤੇ ਹਮਲਿਆਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ | ਨਗਰ ਕੌਂਸਲ ਦੀ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਕੁੱਝ ਦਿਨ ਚੱਲ ਕੇ ਦਮ ਤੋੜ ਗਈ, ਜਿਸ ਤੋਂ ਬਾਅਦ ਸ਼ਹਿਰ ਵਿਚ ਲਵਾਰਸ ਪਸ਼ੂਆਂ ਦੀ ਭਰਮਾਰ ਹੋ ਚੁੱਕੀ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਹੈ ਕਿ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਇਸ ਸਬੰਧੀ ਮਿਊਨਿਸਿਪਲ ਕਮੇਟੀ ਦੇ ਈ.ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ | ਇਸ ਤਹਿਤ ਕੁੱਤਿਆਂ ਦੀ ਨਸਬੰਦੀ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਪਹਿਚਾਣ ਕੀਤੀ ਜਾਵੇਗੀ |