ਸੰਤੋਖਗੜ੍ਹ, 18 ਅਪ੍ਰੈਲ (ਧਰਮ ਪਾਲ)- ਊਨਾ ਵਿਧਾਨ ਸਭਾ ਹਲਕੇ ਦੇ ਅੰਦਰ ਭਾਈ ਬਲਦੇਵ ਸਿੰਘ ਜੋ ਕਿ ਗੁਰਦੁਆਰਾ ਪਾਤਸ਼ਾਹੀ ਦਸਵੀਂ ਕਾਰ ਸੇਵਾ ਦੇਹਲਾਂ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦੇ ਹਨ ਨੂੰ ਗੁਰਦੁਆਰਾ ਸਾਹਿਬ ਵੱਲੋਂ ਇੱਕ ਇਲੈਕਟਿ੍ਕ ਸਕੂਟਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਾਰ ਸੇਵਾ ਦੇਹਲਾਂ ਦੇ ਸੰਤ ਬਾਬਾ ਜੀਤ ਸਿੰਘ ਜੀ ਨੇ ਦੱਸਿਆ ਕਿ ਦੇਹਲਾਂ ਪਿੰਡ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਗ੍ਰੰਥੀ ਸਿੰਘ ਵਜੋਂ ਪਿਛਲੇ 35 ਸਾਲਾਂ ਤੋਂ ਸਮਰਪਿਤ ਸੇਵਾ ਦੇ ਸਨਮਾਨ ਵਿਚ ਭਾਈ ਬਲਦੇਵ ਸਿੰਘ ਨੂੰ ਇੱਕ ਇਲੈਕਟਿ੍ਕ ਸਕੂਟਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਕਾਰਜ ਸੰਗਤ ਦੇ ਸਮੂਹਿਕ ਸਹਿਯੋਗ ਦੁਆਰਾ ਉਹਨਾਂ ਦੇ ਰੋਜ਼ਾਨਾ ਦੇ ਕੰਮ ਵਿਚ ਸਹਾਇਤਾ ਲਈ ਸੁਵਿਧਾਜਨਕ ਸਾਬਤ ਹੋਵੇਗਾ | ਉਹਨਾਂ ਅੱਗੇ ਕਿਹਾ ਕਿ ਭਾਈ ਬਲਦੇਵ ਸਿੰਘ ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਵੱਖ-ਵੱਖ ਸਮਾਜ ਭਲਾਈ ਗਤੀਵਿਧੀਆਂ ਵਿਚ ਮਹੱਤਵਪੂਰਨ ਅਤੇ ਉਤਸ਼ਾਹੀ ਯੋਗਦਾਨ ਪਾਉਂਦੇ ਹਨ | ਉਹਨਾਂ ਦੀਆਂ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਸੰਗਤਾਂ ਉਹਨਾਂ ਨੂੰ ਇਹ ਸਨਮਾਨ ਦੇਣ ਲਈ ਇਕੱਠੀਆਂ ਹੋਈਆਂ | ਇਸ ਦੌਰਾਨ ਗ੍ਰੰਥੀ ਸਿੰਘ ਭਾਈ ਬਲਦੇਵ ਸਿੰਘ ਨੇ ਸੰਤ ਬਾਬਾ ਜੀਤ ਸਿੰਘ ਅਤੇ ਸਮੁੱਚੀ ਸਾਧ ਸੰਗਤ ਦਾ ਇਲੈਕਟਿ੍ਕ ਸਕੂਟਰ ਦੇ ਤੋਹਫ਼ੇ ਨਾਲ ਸਨਮਾਨਿਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ |