ਨੰਗਲ, 18 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਮੌਕੇ ''ਜੈ ਭੀਮ ਜੈ ਭਾਰਤU ਨਾਅਰੇ ਹੇਠ 19 ਅਪ੍ਰੈਲ ਨੂੰ ਸਵੇਰੇ 11 ਵਜੇ ਸਕੂਲ ਆਫ ਐਮੀਨੈਂਸ, ਨੰਗਲ ਵਿਖੇ ਸਿੱਖਿਆ ਸੰਕਲਪ ਸਮਾਗਮ ਕਰਵਾਇਆ ਜਾਵੇਗਾ | ਇਸ ਸਮਾਗਮ ਵਿਚ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਆਫ ਐਮੀਨੈਂਸ ਨੰਗਲ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਮਾਜਿਕ ਬਰਾਬਰੀ, ਸਿੱਖਿਆ ਅਤੇ ਅਧਿਕਾਰਾਂ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਅਤੇ ਭਾਰਤੀ ਸੰਵਿਧਾਨ ਰਾਹੀਂ ਦੇਸ਼ ਨੂੰ ਮਜ਼ਬੂਤ ਨੀਂਹ ਦਿੱਤੀ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਵਕਤਾ ਬਾਬਾ ਸਾਹਿਬ ਦੇ ਜੀਵਨ ਸੰਘਰਸ਼, ਸੰਵਿਧਾਨ ਨਿਰਮਾਣ ਵਿਚ ਯੋਗਦਾਨ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਚਾਨਣ ਪਾਉਣਗੇ | ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਕਵਿਤਾਵਾਂ, ਗੀਤਾਂ ਅਤੇ ਨਾਟਕਾਂ ਰਾਹੀਂ ਉਨ੍ਹਾਂ ਦੇ ਵਿਚਾਰ ਪੇਸ਼ ਕੀਤੇ ਜਾਣਗੇ | ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਸਮਾਨਤਾ-ਅਧਾਰਿਤ ਸਮਾਜ ਦੀ ਸਿਰਜਣਾ ਵੱਲ ਪ੍ਰੇਰਿਤ ਕਰਦੇ ਹਨ | ਉਨ੍ਹਾਂ ਇਲਾਕਾ ਵਾਸੀਆਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਡਾ. ਸੰਜੀਵ ਗੌਤਮ, ਕਮਿੱਕਰ ਸਿੰਘ, ਦਲੀਪ ਹੰਸ, ਰਾਕੇਸ਼ ਕੁਮਾਰ ਕਾਲਾ, ਸੁਮਿਤ ਸਿੰਦਲ, ਸਤੀਸ਼ ਚੋਪੜਾ, ਦਇਆ ਸਿੰਘ ਅਤੇ ਪਿ੍ੰ. ਕਿਰਨ ਸ਼ਰਮਾ ਆਦਿ ਹਾਜ਼ਰ ਸਨ |