ਘਨੌਲੀ, 18 ਅਪ੍ਰੈਲ (ਜਸਵੀਰ ਸਿੰਘ ਸੈਣੀ)-ਗਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵਲੋਂ ਆਯੋਜਿਤ 12ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ | ਗੁਰੂ ਨਾਨਕ ਮਾਡਲ ਸਕੂਲ ਲੋਦੀ ਮਾਜਰਾ ਵਿਖੇ ਚੱਲ ਰਹੀ ਇਸ ਦੋ ਰੋਜ਼ਾ ਚੈਂਪੀਅਨਸ਼ਿਪ ਵਿਚ ਪੰਜਾਬ ਦੇ 15 ਜ਼ਿਲਿ੍ਹਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ | ਅੱਜ ਟੂਰਨਾਮੈਂਟ ਦਾ ਉਦਘਾਟਨ ਤੇ ਮੁਕਾਬਲਿਆਂ ਦੀ ਸ਼ੁਰੂਆਤ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਐਡਵੋਕੇਟ ਅਤੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਦੀ ਹਾਜ਼ਰੀ ਵਿਚ ਕੀਤੀ | ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਗਤਕਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਗੱਤਕਾ ਐਸੋਸੀਏਸ਼ਨ ਪੰਜਾਬ ਵਲੋਂ ਗਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਗਤਕੇ ਦੇ ਖੇਤਰ ਵਿਚ ਬਹੁਤ ਅੱਗੇ ਹੈ ਅਤੇ ਪਿਛਲੇ ਸਾਲ ਵੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦੌਰਾਨ ਇਥੋਂ ਦੇ ਖਿਡਾਰੀਆਂ ਨੇ ਪੰਜਾਬ ਟੀਮ ਦੀ ਅਗਵਾਈ ਕਰਦਿਆਂ ਕਈ ਮੈਡਲ ਜਿੱਤੇ ਸਨ | ਇਸ ਮੌਕੇ ਕੌਮੀ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਖਿਡਾਰੀਆਂ ਨੂੰ ਮਿਹਨਤ ਅਤੇ ਅਨੁਸ਼ਾਸਨ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਗਤਕੇ ਦੀ ਖੇਡ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ ਅਤੇ ਭਵਿੱਖ ਵਿਚ ਇਸ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੌਕੇ ਕਈ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਲਗਵਾਈ, ਜਿਨ੍ਹਾਂ ਵਿਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਬਘੇਲ ਸਿੰਘ ਆਰ ਪੀ.ਬੀ. ਗਰੁੱਪ ਵੀ ਸ਼ਾਮਲ ਸਨ | ਇਲਾਕੇ ਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਇਸ ਟੂਰਨਾਮੈਂਟ ਨੂੰ ਭਰਪੂਰ ਸਮਰਥਨ ਮਿਲਿਆ | ਜ਼ਿਲ੍ਹਾ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਐਤਵਾਰ 19 ਅਪ੍ਰੈਲ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਹੋਣਗੇ ਅਤੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਨਾਨਕ ਮਾਡਲ ਸਕੂਲ ਦੇ ਚੇਅਰਮੈਨ ਗੁਰਬਚਨ ਸਿੰਘ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ ਰੂਪਨਗਰ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |