ਨੰਗਲ, 19 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੌਜਵਾਨਾਂ ਨੂੰ ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ਲਈ ਮਜ਼ਬੂਤ ਤਿਆਰੀ ਕਰਵਾਉਣ ਦੇ ਉਦੇਸ਼ ਨਾਲ ਸਕੂਲ ਆਫ਼ ਐਮੀਨੈਂਸ ਨੰਗਲ ਵਿਚ Tਨਿਸ਼ਚੇ ਕੋਚਿੰਗ ਸੈਂਟਰU ਦੀ ਸ਼ੁਰੂਆਤ ਕੀਤੀ ਗਈ ਹੈ | ਇਸਦਾ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੌਕਾ ਦੇਣਾ ਹੈ ਜਿਹੜੇ ਉੱਚ ਸੇਵਾਵਾਂ ਵਿਚ ਜਾਣ ਦੀ ਯੋਗਤਾ ਅਤੇ ਜਜ਼ਬਾ ਰੱਖਦੇ ਹਨ | ਇਸ ਕੇਂਦਰ ਵਿਚ ਮਾਹਿਰ ਅਧਿਆਪਕਾਂ ਵਲੋਂ ਸੁਚੱਜੀ ਅਤੇ ਨਿਯਮਿਤ ਤਿਆਰੀ ਕਰਵਾਈ ਜਾਵੇਗੀ | ਇਹ ਜਾਣਕਾਰੀ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨੇ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਨੌਜਵਾਨਾਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਲਈ ਯੋਗ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਨਿਸ਼ਚੇ ਕੋਚਿੰਗ ਸੈਂਟਰ ਵਿਚ ਹਰ ਰੋਜ਼ ਸ਼ਾਮ 4 ਘੰਟੇ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ, ਜਿਸ ਨਾਲ ਵਿਦਿਆਰਥੀ ਘਰੇਲੂ ਮਾਹੌਲ ਵਿਚ ਹੀ ਉੱਚ ਪੱਧਰੀ ਤਿਆਰੀ ਕਰ ਸਕਣਗੇ | ਇਹ ਉਪਰਾਲਾ ਸਿੱਖਿਆ ਦੇ ਖੇਤਰ ਵਿਚ ਇੱਕ ਨਵਾਂ ਮਾਡਲ ਸਾਬਤ ਹੋਵੇਗਾ | ਇਹ ਪੋ੍ਰਗਰਾਮ ਸਕੂਲ ਆਫ਼ ਐਮੀਨੈਂਸ ਨੰਗਲ ਅਤੇ ਰਾਜ ਮਲਹੋਤਰਾ ਆਈ.ਏ.ਐੱਸ ਅਕੈਡਮੀ ਦੇ ਸਾਂਝੇ ਯਤਨਾਂ ਨਾਲ ਚਲਾਇਆ ਜਾ ਰਿਹਾ ਹੈ | ਇਸ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਹੈ, ਜਿਸ ਦੀ ਆਖ਼ਰੀ ਤਰੀਂ 25 ਅਪ੍ਰੈਲ ਨਿਰਧਾਰਿਤ ਕੀਤੀ ਗਈ ਹੈ | ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇਹ ਇੱਕ ਸੁਨਹਿਰਾ ਮੌਕਾ ਹੈ, ਜਿੱਥੇ ਉਨ੍ਹਾਂ ਨੂੰ ਮੁਫ਼ਤ ਵਿਚ ਮਾਹਿਰਾਂ ਦੀ ਰਹਿਨੁਮਾਈ ਹਾਸਲ ਹੋਵੇਗੀ | ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਨਾ ਸਿਰਫ਼ ਵਿਦਿਆਰਥੀਆਂ ਵਿਚ ਪ੍ਰੇਰਣਾ ਪੈਦਾ ਹੁੰਦੀ ਹੈ, ਸਗੋਂ ਉਨ੍ਹਾਂ ਦਾ ਹੌਸਲਾ ਵੀ ਵਧਦਾ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਅਤੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਮਨ ਲਗਾ ਕੇ ਮਿਹਨਤ ਕਰਨ |