ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਖੇਤਰ ਵਿਚ ਵਿਕਾਸ ਦੀ ਲਗਾਤਾਰ ਮੁਹਿੰਮ ਤਹਿਤ ਅੱਜ ਨੂਰਪੁਰ ਬੇਦੀ ਵਿਖੇ ਵੱਖ-ਵੱਖ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਦੌਰਾਨ ਉਨ੍ਹਾਂ ਨੇ ਰੋਪੜ ਰੋਡ ਸਥਿਤ ਗੋਬਿੰਦਗੜ੍ਹ ਆਇਰਨ ਸਟੋਰ ਤੋਂ ਡਾ. ਢੰਡ ਦੇ ਪੁਰਾਣੀ ਹਸਪਤਾਲ ਵਾਲੀ ਗਲੀ ਤੱਕ ਚੋਈ ਨੂੰ ਪੱਕਾ ਕਰਨ ਅਤੇ ਨਾਲਿਆਂ ਦੀ ਨਵੀਨ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਸਥਾਨਕ ਵਾਸੀਆਂ ਦੀ ਮੁੱਖ ਮੰਗ ਰਹੀ ਹੈ | ਬਰਸਾਤ ਦੇ ਦਿਨਾਂ ਵਿਚ ਅਕਸਰ ਚੋਈ ਦੇ ਬੰਦ ਹੋਣ ਅਤੇ ਨਾਲਿਆਂ ਦੀ ਘੱਟ ਚੌੜਾਈ ਤੇ ਡੂੰਘਾਈ ਕਾਰਨ ਪਾਣੀ ਗਲੀਆਂ ਅਤੇ ਸੜਕਾਂ 'ਤੇ ਖੜ੍ਹਾ ਰਹਿੰਦਾ ਸੀ, ਜਿਸ ਨਾਲ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਪੂਰਾ ਹੋਣ ਨਾਲ ਨਿਕਾਸੀ ਪ੍ਰਣਾਲੀ ਵਿਚ ਵੱਡਾ ਸੁਧਾਰ ਆਵੇਗਾ | ਵਿਧਾਇਕ ਨੇ ਹੋਰ ਦੱਸਿਆ ਕਿ ਹਲਕੇ ਵਿਚ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ 'ਤੇ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ | ਇਸ ਮੌਕੇ ਨੂਰਪੁਰ ਬੇਦੀ ਦੀ ਪੰਚਾਇਤ ਅਤੇ ਜ਼ਿਲ੍ਹਾ ਪਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਵਲੋਂ ਵਿਧਾਇਕ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਸਰਪੰਚ ਨਿਰਮਲਾ ਦੇਵੀ, ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਰਾਮ ਸਿੰਘ, ਅਮਿਤ ਕੁਮਾਰ, ਪਿ੍ਯੰਕਾ ਉਪਲ, ਸੁਸ਼ਮਾ ਰਾਣੀ, ਕਿਰਨ ਬਾਲਾ, ਗੁਰਮੇਲੋ, ਸੁਰਿੰਦਰ ਕੁਮਾਰ, ਸਤਨਾਮ ਸਿੰਘ ਅਤੇ ਹੋਰ ਪੰਚ ਮੌਜੂਦ ਸਨ | ਇਸ ਤੋਂ ਇਲਾਵਾ ਰਾਮ ਪ੍ਰਸ਼ਾਦ ਪਾਲੀ, ਚੌਧਰੀ ਹੁਸਨ ਲਾਲ ਚੌਹਾਨ, ਐਡਵੋਕੇਟ ਮੁਨੀਸ਼ ਪੁਰੀ, ਮੁਕੇਸ਼ ਕੁਮਾਰ, ਨਰਿੰਦਰ ਸੈਣੀ, ਸੁਮੇਸ਼ ਕਾਲੜਾ, ਗੌਰਵ ਕਾਲੜਾ, ਦਵਿੰਦਰ ਕੁਮਾਰ ਸੋਢੀ, ਡਾ. ਐਸ.ਪੀ. ਪਰਦਵਾਜ, ਸਰਪੰਚ ਰਾਮ ਸਰੂਪ ਸੈਣੀ, ਸਰਪੰਚ ਰਵਿੰਦਰ ਸਿੰਘ, ਮਾਸਟਰ ਰਾਮਪਾਲ ਅਬਿਆਣਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਰਹੇ |