ਰੂਪਨਗਰ, 19 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਰੂਪਨਗਰ ਦੀ ਜਨਰਲ ਹਾਊਸ ਮੀਟਿੰਗ ਬੀਤੀ ਸ਼ਾਮ ਐਚ.ਐਮ.ਟੀ. ਵਿਖੇ ਹੋਈ, ਜਿਸ 'ਚ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ | ਇਸ ਮੌਕੇ ਪ੍ਰਸਿੱਧ ਰੋਟੇਰੀਅਨ ਅਤੇ ਸਮਾਜ ਸੇਵੀ ਡਾ. ਆਰ ਐਸ ਪਰਮਾਰ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਸੁਰਜੀਤ ਸਿੰਘ ਸੰਧੂ, ਰਿਟਾਇਰਡ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਨੂੰ ਜਨਰਲ ਸਕੱਤਰ ਅਤੇ ਦਵਿੰਦਰ ਸਿੰਘ, ਰਿਟਾਇਰਡ ਸੀਨੀਅਰ ਐਕਸੀਅਨ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਬਾਕੀ ਟੀਮ ਦਾ ਗਠਨ ਕਰਨ ਦੇ ਅਧਿਕਾਰ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਦਿੱਤੇ ਗਏ | ਮੀਟਿੰਗ ਦੌਰਾਨ ਐਸੋਸੀਏਸ਼ਨ ਵਲੋਂ ਬੀਤੇ ਸਮੇਂ ਦੌਰਾਨ ਤੈਰਾਕੀ ਖੇਡ ਅਤੇ ਤੈਰਾਕੀ ਪੂਲ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ | ਨਾਲ ਹੀ ਕੋਰੋਨਾ ਕਾਲ ਤੋਂ ਬਾਅਦ ਖੇਡ ਵਿਚ ਆਈ ਖੜੋਤ ਨੂੰ ਦੂਰ ਕਰਕੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ | ਚੋਣ ਮੌਕੇ ਡਾ. ਪਰਮਾਰ ਨੇ ਆਪਣੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਜਤਾਈ, ਪਰ ਹਾਊਸ ਨੇ ਉਨ੍ਹਾਂ ਦੀਆਂ ਸੇਵਾਵਾਂ ਅਤੇ ਸਮਰਪਣ ਨੂੰ ਦੇਖਦਿਆਂ ਮੁੜ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ | ਡਾ. ਪਰਮਾਰ ਨੇ ਕਿਹਾ ਕਿ ਰੂਪਨਗਰ ਵਿਚ ਤੈਰਾਕੀ ਲਈ ਬਹੁਤ ਹੀ ਵਧੀਆ ਮਾਹੌਲ ਹੈ ਅਤੇ ਇੱਥੇ ਸਰਕਾਰ ਵਲੋਂ ਆਧੁਨਿਕ ਤੈਰਾਕੀ ਪੂਲ ਤਿਆਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬੱਚਿਆਂ ਦੇ ਹੁਨਰ ਨੂੰ ਨਿਖਾਰ ਕੇ ਵੱਡੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ | ਐਸੋਸੀਏਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਨਿਲ ਕੌਸ਼ਲ ਨੇ ਨਵੀਂ ਟੀਮ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੇ ਸੁਝਾਵ ਪੇਸ਼ ਕੀਤੇ | ਨਵੇਂ ਜਨਰਲ ਸਕੱਤਰ ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਐਸੋਸੀਏਸ਼ਨ ਤੈਰਾਕੀ ਖੇਡ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਪੂਰੇ ਯਤਨ ਕਰੇਗੀ | ਉਨ੍ਹਾਂ ਖੇਡ ਵਿਭਾਗ ਦੇ ਵਿਸ਼ੇਸ਼ ਚੀਫ ਸੈਕਟਰੀ ਸਰਬਜੀਤ ਸਿੰਘ ਵਲੋਂ ਤੈਰਾਕੀ ਪੂਲ ਰੂਪਨਗਰ ਲਈ ਦਿੱਤੀ ਗਈ ਵਿਸ਼ੇਸ਼ ਤਵੱਜੋ ਦੀ ਭਰਵੀਂ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਖੇਡਾਂ ਦੇ ਵਿਕਾਸ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਮੀਟਿੰਗ ਵਿਚ ਡਾ. ਜੇ ਕੇ ਸ਼ਰਮਾ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਸਤਨਾਮ ਸਿੰਘ ਸੱਤੀ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਅਨਿਲ ਕੌਸ਼ਲ, ਐਡਵੋਕੇਟ ਡੀ ਐਸ ਦਿਓਲ, ਡਾ. ਭੀਮ ਸੇਨ, ਡਾ. ਜੀ ਐਸ ਗਰੇਵਾਲ, ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ, ਐਡਵੋਕੇਟ ਇੰਦਰਪਾਲ ਵੋਹਰਾ, ਮਨੂ ਵੋਹਰਾ, ਰਜਨੀਸ਼ ਚੋਪੜਾ, ਹਰਮਿੰਦਰ ਪਾਲ ਸਿੰਘ ਭੁੰਡੀ, ਇੰਦਰਪਾਲ ਸਿੰਘ, ਸਾਹਿਲ ਰਾਜਪੂਤ, ਮਨਜਿੰਦਰ ਸਿੰਘ ਚੱਕਲ, ਸੰਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ |