ਰੂਪਨਗਰ, 22 ਅਪ੍ਰੈਲ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਮੈਜਿਸਟਰੇਟ ਅਦਿੱਤਿਆ ਡੇਚਲਵਾਲ ਵਲੋਂ ਜ਼ਿਲ੍ਹੇ ਵਿਚ ਅਮਨ-ਕਾਨੂੰਨ, ਸੁਰੱਖਿਆ ਅਤੇ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ | ਇਹ ਹੁਕਮ 23 ਜੂਨ 2026 ਤੱਕ ਪ੍ਰਭਾਵੀ ਰਹਿਣਗੇ | ਜਾਰੀ ਹੁਕਮਾਂ ਅਨੁਸਾਰ ਮਿਲਟਰੀ ਰੰਗ ਦੀਆਂ ਜੀਪਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਵਰਤੋਂ 'ਤੇ ਰੋਕ ਲਗਾਈ ਗਈ ਹੈ | ਇਸ ਤੋਂ ਇਲਾਵਾ ਚਾਈਨਾ ਡੋਰ ਦੀ ਖਰੀਦ-ਫਰੋਖ਼ਤ, ਸਟੋਰ ਕਰਨ ਅਤੇ ਵਰਤੋਂ 'ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ | ਪ੍ਰਸ਼ਾਸਨ ਨੇ ਕਿਹਾ ਕਿ ਇਹ ਡੋਰ ਮਨੁੱਖੀ ਜਾਨਾਂ, ਪੰਛੀਆਂ ਅਤੇ ਸੜਕ ਸੁਰੱਖਿਆ ਲਈ ਖਤਰਾ ਬਣਦੀ ਹੈ | ਸੜਕਾਂ ਦੇ ਕਿਨਾਰੇ ਪਸ਼ੂ ਚਰਾਉਣ, ਮੋਟਰਸਾਈਕਲਾਂ, ਟਰੈਕਟਰਾਂ ਅਤੇ ਹੋਰ ਸੰਦਾਂ ਦੇ ਖਤਰਨਾਕ ਸਟੰਟ ਕਰਨ ਜਾਂ ਕਰਵਾਉਣ 'ਤੇ ਵੀ ਰੋਕ ਲਗਾਈ ਗਈ ਹੈ | ਵਿਆਹ ਸਮਾਗਮਾਂ, ਮੈਰਿਜ ਪੈਲਸਾਂ ਅਤੇ ਹੋਰ ਜਨਤਕ ਸਮਾਰੋਹਾਂ ਵਿਚ ਹਥਿਆਰ ਲੈ ਕੇ ਜਾਣ ਅਤੇ ਫਾਇਰਿੰਗ ਕਰਨ 'ਤੇ ਵੀ ਸਖ਼ਤ ਪਾਬੰਦੀ ਰਹੇਗੀ | ਜ਼ਿਲ੍ਹਾ ਜੇਲ੍ਹ ਜ਼ਿਲ੍ਹਾ ਜੇਲ੍ਹ ਰੂਪਨਗਰ ਦੇ 500 ਮੀਟਰ ਘੇਰੇ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਇਲਾਕੇ ਨੂੰ ਨੋ-ਡਰੋਨ ਜ਼ੋਨ ਘੋਸ਼ਿਤ ਕੀਤਾ ਗਿਆ ਹੈ | ਇਨ੍ਹਾਂ ਖੇਤਰਾਂ ਵਿਚ ਡਰੋਨ, ਕੈਮਰਾ ਡਰੋਨ ਅਤੇ ਹੋਰ ਉਡਾਣ ਯੰਤਰ ਚਲਾਉਣ 'ਤੇ ਮਨਾਹੀ ਰਹੇਗੀ | ਜਨਤਕ ਥਾਵਾਂ 'ਤੇ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠ, ਬਿਨਾਂ ਮਨਜ਼ੂਰੀ ਰੈਲੀਆਂ, ਧਰਨਿਆਂ ਅਤੇ ਜਲੂਸਾਂ 'ਤੇ ਵੀ ਰੋਕ ਰਹੇਗੀ | ਇਸ ਤੋਂ ਇਲਾਵਾ ਸੋਸ਼ਲ ਮੀਡੀਆ ਜਾਂ ਜਨਤਕ ਪ੍ਰੋਗਰਾਮਾਂ ਵਿਚ ਹਥਿਆਰਾਂ ਦੀ ਨਮਾਇਸ਼, ਨਸ਼ਿਆਂ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਅਤੇ ਭੜਕਾਊ ਭਾਸ਼ਣਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ | ਪ੍ਰਸ਼ਾਸਨ ਨੇ ਸਾਈਕਲਾਂ, ਰਿਕਸ਼ਿਆਂ, ਰੇਹੜੀਆਂ, ਟਰੈਕਟਰ-ਟਰਾਲੀਆਂ ਆਦਿ 'ਤੇ ਰਿਫਲੈਕਟਰ ਜਾਂ ਚਮਕਦਾਰ ਟੇਪ ਲਗਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ, ਤਾਂ ਜੋ ਰਾਤ ਸਮੇਂ ਹਾਦਸਿਆਂ ਤੋਂ ਬਚਿਆ ਜਾ ਸਕੇ | ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |