ਪੁਰਖਾਲੀ, 22 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਅੰਦਰ ਸਰਗਰਮ ਖੈਰ ਮਾਫ਼ੀਏ 'ਤੇ ਪੁਲਿਸ ਨੇ ਸ਼ਿਕੰਜਾ ਕਸਦਿਆਂ 5 ਵਿਅਕਤੀਆਂ ਤੇ 4-5 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਕਾਰਵਾਈ ਦੀ ਇਲਾਕੇ ਅੰਦਰ ਖ਼ੂਬ ਸ਼ਲਾਘਾ ਕੀਤੀ ਜਾ ਰਹੀ, ਪ੍ਰੰਤੂ ਇਲਾਕੇ ਅੰਦਰ ਖੈਰ ਦੀ ਹੋ ਰਹੀ ਤਸਕਰੀ ਨੂੰ ਲੈ ਕੇ ਜੰਗਲਾਤ ਵਿਭਾਗ ਦੀ ਭੂਮਿਕਾ ਵੀ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੀ ਇਲਾਕਾ ਵਾਸੀਆਂ ਵਲੋਂ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਦਰਮਿਆਨੀ ਰਾਤ ਨੂੰ ਪੁਲਿਸ ਵਲੋਂ ਹਰੀਪੁਰ /ਬਰਦਾਰ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੂੰ ਮਿਲੀ ਸੂਹ ਅਨੁਸਾਰ ਪੁਲਿਸ ਪਾਰਟੀ ਨੇ ਜਦ ਹਰੀਪੁਰ ਵਿਖ਼ੇ ਇੱਕ ਘਰ 'ਚ ਛਾਪਾ ਮਾਰਿਆ ਤਾਂ ਮੌਕੇ 'ਤੇ ਇੱਕ ਪਿਕ ਅੱਪ ਗੱਡੀ ਖਾਲੀ ਖੜੀ ਸੀ ਅਤੇ ਇੱਕ ਹੋਰ ਪਿਕ ਅੱਪ ਗੱਡੀ 'ਚੋਂ ਸਰਕਾਰੀ ਖੈਰ ਦੀ ਲੱਕੜ ਨੂੰ ਇੱਕ ਚਿੱਟੇ ਰੰਗ ਦੇ ਐਚਪੀ ਨੰਬਰ ਕੈਂਟਰ ਵਿਚ ਲੋਡ ਕਰ ਰਹੇ ਚਾਰ ਪੰਜ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਤੇ ਉੱਥੇ ਘਰ ਵਿਚ ਮੌਜੂਦ ਵਿਅਕਤੀਆਂ ਵਲੋਂ ਪੁਲਿਸ ਪਾਰਟੀ ਨਾਲ ਬਹਿਸ ਬਸਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਰੌਲੇ ਰੱਪੇ ਦੌਰਾਨ ਉਕਤਾਨ ਵਿਅਕਤੀ ਤਿੰਨੋ ਗੱਡੀਆਂ, ਜਿਨ੍ਹਾਂ ਵਿਚ ਦੋ ਗੱਡੀਆਂ ਕੈਂਟਰ ਅਤੇ ਪਿਕ ਅੱਪ ਗੱਡੀ ਜਿਸ ਵਿਚ ਸਰਕਾਰੀ ਖੈਰ ਦੀ ਲੱਕੜ ਲੋਡ ਸੀ ਤੇ ਇੱਕ ਖਾਲੀ ਪਿਕਅਪ ਨੂੰ ਮੌਕੇ 'ਤੇ ਭਜਾਉਣ ਵਿਚ ਕਾਮਯਾਬ ਹੋ ਗਏ | ਪੁਲਿਸ ਵਲੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਬਰਦਾਰ (ਟਾਂਡਾ ) ਵਿਖ਼ੇ ਇੱਕ ਘਰ 'ਚ ਛਾਪਾ ਮਾਰਿਆ ਗਿਆ, ਜਿੱਥੋਂ ਕਿ ਭਾਰੀ ਮਾਤਰਾ 'ਚ ਸਰਕਾਰੀ ਖੈਰ ਦੀ ਛਿੱਲੀ ਹੋਈ ਲੱਕੜ ਦੇ ਪੀਸ ਅਤੇ ਛਿਲਕਾ ਬਰਾਮਦ ਕੀਤਾ | ਇਸ ਤੋਂ ਇਲਾਵਾ ਇੱਕ ਇਲੈਕਟਰੋਨਿਕ ਕੰਡਾ ਅਤੇ ਪੈਟਰੋਲ ਆਰਾ ਵੀ ਬਰਾਮਦ ਕੀਤਾ ਗਿਆ | ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਪੰਜ ਵਿਅਕਤੀਆਂ ਤੋਂ ਇਲਾਵਾ ਚਾਰ ਪੰਜ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਪਿੰਡ ਬਰਦਾਰ ਵਿਖੇ ਖੈਰ ਦੀ ਤਸਕਰੀ ਰੋਕਣ ਨੂੰ ਲੈ ਕੇ ਇੱਕ ਨਾਕਾ ਵੀ ਲਗਾਇਆ ਹੋਇਆ ਹੈ, ਜਿੱਥੇ ਕਿ ਤਿੰਨ-ਚਾਰ ਵਿਅਕਤੀਆਂ ਦੀ 24 ਘੰਟੇ ਡਿਊਟੀ ਰਹਿੰਦੀ ਹੈ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਖੈਰ ਦੀ ਲੱਕੜ ਦੇ ਨਜਾਇਜ਼ ਡੀਪੂ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਇਲਾਕਾ ਵਾਸੀਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜੰਗਲਾਂ ਦੇ ਘੱਟ ਰਹੇ ਰਕਬੇ ਨੂੰ ਲੈ ਕੇ ਦਰਖਤਾਂ ਦੀ ਕਟਾਈ ਸੰਬੰਧੀ ਰੋਕ ਵੀ ਲਗਾਈ ਗਈ ਹੈਸ਼ ਇਸ ਦੇ ਬਾਵਜੂਦ ਇਲਾਕੇ ਅੰਦਰ ਖੈਰ ਦੀ ਹੋ ਰਹੀ ਨਜਾਇਜ਼ ਕਟਾਈ ਨੂੰ ਵੇਖ ਕੇ ਜੰਗਲਾਤ ਵਿਭਾਗ ਚੁੱਪ ਕਿਉਂ ਬੈਠਾ ਹੈ, ਜਿਸ ਦੀ ਲੋਕਾਂ ਵਲੋਂ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ |