ਨੂਰਪੁਰ ਬੇਦੀ, 22 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਧੂਵਨ ਵਾਟਿਕਾ ਪਬਲਿਕ ਸਕੂਲ, (ਨੂਰਪੁਰ ਬੇਦੀ) ਵਿਖੇ ਅੱਜ 'ਪਿ੍ਥਵੀ ਦਿਵਸ' ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਈਕੋ ਕਲੱਬ ਅਤੇ ਐਨ.ਐਸ.ਐਸ. ਵਲੰਟੀਅਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪੌਦੇ ਲਗਾਉਣ ਤੋਂ ਇਲਾਵਾ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ 'ਰੁੱਖ ਲਗਾਓ, ਧਰਤੀ ਬਚਾਓ' ਦਾ ਹੋਕਾ ਦਿੱਤਾ | ਪ੍ਰੋਗਰਾਮ ਦਾ ਆਗਾਜ਼ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ ਅਤੇ ਪਿ੍ੰਸੀਪਲ ਮੈਡਮ ਦੀਪਿਕਾ ਪੁਰੀ ਨੇ ਸਾਂਝੇ ਤੌਰ 'ਤੇ ਸਕੂਲ ਕੰਪਲੈਕਸ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਕੀਤਾ | ਇਸ ਮੌਕੇ ਚੇਅਰਮੈਨ ਅਮਿਤ ਚੱਢਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਧ ਰਿਹਾ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਪੂਰੀ ਦੁਨੀਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਨਾ ਸਿਰਫ਼ ਬੂਟੇ ਲਗਾਉਣੇ ਚਾਹੀਦੇ ਹਨ, ਸਗੋਂ ਉਨ੍ਹਾਂ ਦੀ ਪੁੱਤਰਾਂ ਵਾਂਗ ਸੰਭਾਲ ਵੀ ਕਰਨੀ ਚਾਹੀਦੀ ਹੈ | ਉਨ੍ਹਾਂ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਤਿਆਗਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਪੇਂਟਿੰਗ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਰੰਗਾਂ ਰਾਹੀਂ ਧਰਤੀ ਨੂੰ ਹਰੀ-ਭਰੀ ਰੱਖਣ, ਪਾਣੀ ਦੀ ਬਚਤ ਅਤੇ ਸਵੱਛ ਵਾਤਾਵਰਣ ਦੇ ਖੂਬਸੂਰਤ ਚਿੱਤਰ ਬਣਾਏ | ਦੂਜੇ ਪਾਸੇ ਭਾਸ਼ਣ ਮੁਕਾਬਲੇ ਵਿਚ ਬੱਚਿਆਂ ਨੇ ਕੁਦਰਤ ਦੀ ਸੰਭਾਲ ਅਤੇ ਵਾਤਾਵਰਣ ਜਾਗਰੂਕਤਾ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਸਕੂਲ ਪਿ੍ੰਸੀਪਲ ਦੀਪਿਕਾ ਪੁਰੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜ਼ਿੰਦਗੀ ਵਿਚ ਘੱਟੋ-ਘੱਟ ਇੱਕ ਬੂਟਾ ਲਗਾਉਣ ਦਾ ਸੰਕਲਪ ਦਿਵਾਇਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਵਿਦਿਆਰਥੀ ਅਤੇ ਵਾਲੰਟੀਅਰ ਹਾਜ਼ਰ ਸਨ |