ਰੂਪਨਗਰ, 22 ਅਪ੍ਰੈਲ, ਸਤਨਾਮ ਸਿੰਘ ਸੱਤੀ : ਬੀਤੇ ਕੱਲ੍ਹ ਪਿੰਡ ਚੱਕਲਾਂ ਵਿੱਚ ਦੋ ਕਿਸਾਨਾਂ ਦੀ ਲਗਭਗ 9 ਏਕੜ ਖੇਤ ਵਿੱਚ ਖੜੀ ਕਣਕ ਦੀ ਫਸਲ ਟਰਾਂਸਫਾਰਮਰ ਵਿੱਚੋਂ ਹੋਈ ਸਪਾਰਕਿੰਗ ਕਾਰਨ ਲੱਗੀ ਅੱਗ ਨਾਲ ਸੜ ਕੇ ਸੁਆਹ ਹੋ ਗਈ | ਇਸ ਘਟਨਾ ਤੋਂ ਬਾਅਦ ਅੱਜ ਇਲਾਕੇ ਦੇ ਉਘੇ ਸਮਾਜ ਸੇਵੀ ਅਤੇ ਟਰੱਕ ਯੂਨੀਅਨ ਕੁਰਾਲੀ ਦੇ ਸਾਬਕਾ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਚੱਕਲਾਂ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਦੋਵੇਂ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ 50-50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਭੇਂਟ ਕੀਤੀ | ਪ੍ਰਧਾਨ ਬਾਠ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਤੋਂ ਜਾਣਕਾਰੀ ਮਿਲੀ ਸੀ ਕਿ ਕਿਸਾਨ ਬਲਜਿੰਦਰ ਸਿੰਘ ਦੀ ਤਿੰਨ ਏਕੜ ਕਣਕ ਅਤੇ ਸ਼ਮਸ਼ੇਰ ਸਿੰਘ ਦੀ ਛੇ ਏਕੜ ਕਣਕ ਸਮੇਤ ਤੁੜੀ ਲਈ ਖੇਤ ਵਿੱਚ ਖੜੀ ਨਾੜ ਅਤੇ ਟਰਾਲਾ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ | ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਮੁਸ਼ਕਲ ਵੇਲੇ ਉਨ੍ਹਾਂ ਦੇ ਨਾਲ ਖੜ੍ਹਾ ਹੋਣਾ ਸਾਡਾ ਫਰਜ ਹੈ | ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ, ਇਸ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਬਾਠ ਨੇ ਪੀੜਤ ਕਿਸਾਨ ਬਲਜਿੰਦਰ ਸਿੰਘ ਦੇ ਅੱਗ ਨਾਲ ਸੜੇ ਟਰਾਲੇ ਲਈ ਟਾਇਰ ਦੇਣ ਦਾ ਵਾਅਦਾ ਵੀ ਕੀਤਾ | ਇਸ ਮੌਕੇ ਪਿੰਡ ਦੇ ਲੰਬੜਦਾਰ ਓਮਰਾਓ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਪੀੜਤ ਕਿਸਾਨਾਂ ਵੱਲੋਂ ਦਿੱਤੀ ਇਸ ਵੱਡੀ ਸਹਾਇਤਾ ਲਈ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਮਾਸਟਰ ਉਜਾਗਰ ਸਿੰਘ ਪਪਰਾਲੀ ਵੀ ਹਾਜ਼ਰ ਸਨ |