ਰੂਪਨਗਰ, 23 ਅਪ੍ਰੈਲ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਵਿਖੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਊਨਸੀਪਲ ਇਮਪਲਾਈਜ ਐਕਸ਼ਨ ਕਮੇਟੀ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੌਸ਼ਲ ਕੁਮਾਰ ਅਤੇ ਰੂਪਨਗਰ ਇਕਾਈ ਦੇ ਪ੍ਰਧਾਨ ਅਜੇ ਭੱਟੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੁਲਾਜ਼ਮਾਂ ਦਾ ਭਾਰੀ ਇਕੱਠ ਹੋਇਆ | ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਸਰਵਾਨ ਅਤੇ ਮਿਊਨਸੀਪਲ ਇਮਪਲਾਈਜ ਐਕਸ਼ਨ ਕਮੇਟੀ ਦੇ ਪੰਜਾਬ ਕਨਵੀਨਰ ਰਮੇਸ਼ ਗੈਚੰਡ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨਾ ਮੰਨਣ ਕਾਰਨ 6 ਮਈ 2026 ਤੋਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਸਫ਼ਾਈ ਸੇਵਾਵਾਂ ਸਮੇਤ ਹੋਰ ਕੰਮ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ | ਆਗੂਆਂ ਨੇ ਕਿਹਾ ਕਿ ਕਈ ਵਾਰ ਸਰਕਾਰ ਕੋਲ ਮੀਟਿੰਗਾਂ ਲਈ ਸਮਾਂ ਮੰਗਿਆ ਗਿਆ, ਪਰ ਕਿਸੇ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ | ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਅਤੀ ਜ਼ਰੂਰੀ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਿਲ ਨਾ ਆਵੇ | ਅਸ਼ੋਕ ਸਰਵਾਨ ਨੇ ਮੰਗ ਕੀਤੀ ਕਿ ਆਊਟਸੋਰਸਿੰਗ ਅਤੇ ਠੇਕਾ ਪ੍ਰਣਾਲੀ ਖ਼ਤਮ ਕਰਕੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 10 ਸਾਲਾ ਪਾਲਿਸੀ ਰੱਦ ਕਰਕੇ 3 ਸਾਲ ਸੇਵਾ ਵਾਲਿਆਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ | ਮੀਟਿੰਗ ਵਿਚ ਅਜੇ ਕੁਮਾਰ ਭੱਟੀ, ਬੰਟੀ ਗੌਹਰ, ਅਸ਼ੋਕ ਕੁਮਾਰ, ਅਨਿਲ ਕੁਮਾਰ, ਜਤਿੰਦਰ ਕੁਮਾਰ, ਜਗਦੀਸ਼ ਕੁਮਾਰ, ਬਲਰਾਜ, ਨਵਤੇਜ ਸਿੰਘ, ਲੋਕ ਬੰਦੂ, ਤਰਲੋਚਨ ਸਿੰਘ, ਪਰਸ਼ੋਤਮ ਭੱਟੀ, ਕਿਸ਼ੋਰ ਕੁਮਾਰ ਫੌਜੀ, ਮਦਨ ਲਾਲ, ਸੰਜਨਾ ਕੁਮਾਰੀ, ਮਨਪ੍ਰੀਤ ਕੌਰ, ਮੋਹਨ ਲਾਲ ਅਤੇ ਹੋਰ ਮੁਲਾਜ਼ਮ ਭਾਰੀ ਗਿਣਤੀ 'ਚ ਹਾਜ਼ਰ ਸਨ |