ਨੂਰਪੁਰ ਬੇਦੀ, 24 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਪੰਜਾਬ ਸਰਕਾਰ ਵਲੋਂ ਵਿਸ਼ਾਲ ਪੱਧਰ 'ਤੇ ਮਨਾਉਣ ਦੇ ਮੱਦੇਨਜ਼ਰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਆਪਣੇ ਨੂਰਪੁਰ ਬੇਦੀ ਦਫ਼ਤਰ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਵਿਧਾਇਕ ਚੱਢਾ ਨੇ ਧਾਰਮਿਕ ਸਮਾਗਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਇਸ ਪ੍ਰੋਗਰਾਮ ਲਈ ਲਾਮਬੰਦ ਕੀਤਾ | ਉਨ੍ਹਾਂ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪਦਿਆਂ ਡਿਊਟੀਆਂ ਲਗਾਈਆਂ ਅਤੇ ਸਮਾਗਮ ਦੀ ਸਫਲਤਾ ਲਈ ਟੀਮ ਵਰਕ, ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ 'ਤੇ ਖਾਸ ਜ਼ੋਰ ਦਿੱਤਾ | ਉਨ੍ਹਾਂ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਧਾਰਮਿਕ ਸਮਾਗਮ ਬਾਰੇ ਜਾਗਰੂਕ ਕਰਨ, ਘਰ-ਘਰ ਤੱਕ ਸੂਚਨਾ ਪਹੁੰਚਾਉਣ ਤੇ ਵੱਧ ਤੋਂ ਵੱਧ ਸੰਗਤ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ | ਉਨ੍ਹਾਂ ਅੱਗੇ ਦੱਸਿਆ ਕਿ ਇਸ ਲੜੀ ਦਾ ਪਹਿਲਾ ਕੀਰਤਨ ਦਰਬਾਰ 26 ਅਪ੍ਰੈਲ ਨੂੰ ਸ਼ਾਮ ਸਮੇਂ ਨਹਿਰੂ ਸਟੇਡੀਅਮ ਰੂਪਨਗਰ ਵਿਚ ਕਰਵਾਇਆ ਜਾਵੇਗਾ ਜਿਸ ਵਿਚ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਰੂਹਾਨੀ ਕੀਰਤਨ ਰਾਹੀਂ ਨਿਹਾਲ ਕਰਨਗੇ | ਵਿਧਾਇਕ ਚੱਢਾ ਨੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਅਤੇ ਸਮਾਜ ਵਿਚ ਸਕਾਰਾਤਮਕ ਸੁਨੇਹਾ ਫੈਲਾਉਣ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਅਤੇ ਹੋਰ ਹਾਜ਼ਰੀਨ ਵੀ ਮੌਜੂਦ ਸਨ |