ਰੂਪਨਗਰ/ਘਨੌਲੀ, 26 ਅਪ੍ਰੈਲ (ਸਤਨਾਮ ਸਿੰਘ ਸੱਤੀ, ਜਸਬੀਰ ਸਿੰਘ ਸੈਣੀ)-Tਫੈਡਸ਼ਨ ਆਫ਼ ਸੀਨੀਅਰ ਸਿਟੀਜਨਜ਼ (ਰਜਿ:) ਪੰਜਾਬU ਦੀ ਤਿਮਾਹੀ ਮੀਟਿੰਗ ਰੂਪਨਗਰ ਨੇੜੇ ਮਨਜੀਤ ਰੈਸਟੋਰੈਂਟ ਵਿਖੇ ਹੋਈ, ਜਿਸ ਦੀ ਮੇਜ਼ਬਾਨੀ ਸੀਨੀਅਰ ਸਿਟੀਜਨਜ਼ ਕੌਂਸਲ (ਰਜਿ:) ਰੂਪਨਗਰ ਵਲੋਂ ਕੀਤੀ ਗਈ | ਮੀਟਿੰਗ ਵਿਚ ਪੰਜਾਬ ਭਰ ਤੋਂ ਪਹੁੰਚੇ ਫੈਡਸ਼ਨ ਦੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਮੈਂਬਰਾਂ ਦਾ ਸਵਾਗਤ ਰੂਪਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਅਤੇ ਉਨ੍ਹਾਂ ਦੀ ਟੀਮ ਵਲੋਂ ਗਰਮਜੋਸ਼ੀ ਨਾਲ ਕੀਤਾ ਗਿਆ | ਸ਼ਬਦ ਗਾਇਨ ਨਾਲ ਸ਼ੁਰੂਆਤ ਤੋਂ ਬਾਅਦ ਸੁਰਿੰਦਰ ਸਿੰਘ ਤੋਗੜ ਨੇ ਰੂਪਨਗਰ ਸ਼ਹਿਰ ਦੇ ਇਤਿਹਾਸ ਅਤੇ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸਿਟੀਜਨਜ਼ ਕੰਪਲੈਕਸ (ਸੱਥ) ਦੇ ਨਿਰਮਾਣ ਸਬੰਧੀ ਤਾਜ਼ਾ ਸਥਿਤੀ ਵੀ ਸਾਂਝੀ ਕੀਤੀ | ਫੈਡਸ਼ਨ ਦੇ ਲਾਈਫ਼ ਚੇਅਰਮੈਨ ਐਸ.ਪੀ. ਕਰਕਰਾ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ, ਜਦਕਿ ਵਿੱਤ ਸਕੱਤਰ ਵਲੋਂ ਅਕਾਊਾਟ ਸਟੇਟਮੈਂਟ ਪੇਸ਼ ਕੀਤੀ ਗਈ, ਜਿਸਨੂੰ ਸਹਿਮਤੀ ਨਾਲ ਮਨਜ਼ੂਰ ਕੀਤਾ ਗਿਆ | ਮੀਟਿੰਗ ਦੌਰਾਨ ਸਾਲ 2026-2028 ਲਈ ਪ੍ਰਧਾਨ ਦੀ ਚੋਣ ਵੀ ਕੀਤੀ ਗਈ, ਜਿਸ ਵਿਚ ਪ੍ਰੋਫੈਸਰ ਆਰ ਕੇ ਕੱਕੜ ਨੂੰ ਸਰਬਸੰਮਤੀ ਨਾਲ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਤਿਮਾਹੀ ਨਿਊਜ਼ਲੈਟਰ ਵੀ ਜਾਰੀ ਕੀਤਾ ਗਿਆ | ਹਲਕਾ ਵਿਧਾਇਕ ਦਿਨੇਸ਼ ਚੱਢਾ ਅਤੇ ਪ੍ਰਸਿੱਧ ਸਰਜਨ ਡਾ. ਆਰ.ਐਸ. ਪਰਮਾਰ ਨੇ ਵੀ ਸ਼ਿਰਕਤ ਕੀਤੀ | ਵਿਧਾਇਕ ਚੱਢਾ ਨੇ ਕਿਹਾ ਕਿ ਬਜ਼ੁਰਗਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀਨੀਅਰ ਸਿਟੀਜਨਜ਼ ਕੰਪਲੈਕਸ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ ਅਤੇ ਜਲਦ ਇਸ ਦੀ ਸ਼ੁਰੂਆਤ ਹੋਵੇਗੀ | ਇਸ ਦੌਰਾਨ ਨੌਜਵਾਨ ਪਰਬਤਾਰੋਹੀ ਤੇਗਵੀਰ ਸਿੰਘ ਅਤੇ ਸਾਨਵੀ ਸੂਦ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਨਾਲ ਹੀ ਰੂਪਨਗਰ ਕੌਂਸਲ ਵਲੋਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ | ਅੰਤ ਵਿੱਚ ਸੁਰਿੰਦਰ ਸਿੰਘ ਤੋਗੜ ਨੇ ਪੰਜਾਬ ਭਰ ਤੋਂ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਭ ਨੂੰ ਇੱਕ-ਇੱਕ ਪੌਦਾ ਭੇਟ ਕੀਤਾ ਗਿਆ | ਫੈਡਸ਼ਨ ਪੰਜਾਬ ਦੇ ਅਹੁਦੇਦਾਰਾਂ ਨੇ ਰੂਪਨਗਰ ਕੌਂਸਲ ਦੀ ਮਹਿਮਾਨਨਵਾਜ਼ੀ ਦੀ ਖੁੱਲ੍ਹ ਕੇ ਸਰਾਹਨਾ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਸ੍ਰੀਮਤੀ ਪਰਮਿੰਦਰ ਕੌਰ ਪੰਦੋਹਲ ਅਤੇ ਜਨਰਲ ਸਕੱਤਰ ਜੋਗਿੰਦਰ ਸਿੰਘ ਮਦਾਨ ਨੇ ਨਿਭਾਈ |