ਨੂਰਪੁਰ ਬੇਦੀ, 26 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸਿਵਲ ਸਰਜਨ ਰੂਪਨਗਰ ਡਾਕਟਰ ਰਮਨ ਕੁਮਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ. ਐਮ. ਓ ਨੂਰਪੁਰ ਬੇਦੀ ਡਾਕਟਰ ਹਰਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਦੁਆਰਾ ਡੇਂਗੂ 'ਤੇ ਵਾਰ ਅਭਿਆਨ ਦੇ ਤਹਿਤ ਵਿਸ਼ੇਸ਼ ਗਤੀਵਿਧੀਆਂ ਚਲਾਈਆਂ ਹੋਈਆਂ ਹਨ | ਜਿਸ ਦੌਰਾਨ ਟੀਮ ਨੇ ਘਰ ਘਰ ਜਾ ਕੇ ਸਰਵੇ ਕੀਤਾ ਅਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾ ਦੇ ਬਾਰੇ ਵਿਚ ਜਾਗਰੂਕ ਕੀਤਾ | ਇਸ ਮੌਕੇ 'ਤੇ ਡਾਕਟਰ ਹਰਪ੍ਰੀਤ ਕੌਰ ਅਤੇ ਰਾਜੇਸ਼ ਕੁਮਾਰ ਸੈਨੇਟਰੀ ਇੰਸਪੈਕਟਰ ਨੇ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਆਈ .ਟੀ.ਆਈ ਨੂਰਪੁਰ ਬੇਦੀ ਵਿਖੇ ਜਾ ਕੇ ਮਲੇਰੀਆ ਅਤੇ ਡੇਂਗੂ ਸਬੰਧੀ ਜਾਗਰੂਕ ਕੀਤਾ | ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਡੇਂਗੂ ਤੋਂ ਬਚਾ ਲਈ ਪੂਰੀ ਬਾਂਹਾਂ ਦੇ ਕੱਪੜੇ ਪਹਿਨੋ, ਮੱਛਰਦਾਨੀ ਦਾ ਪ੍ਰਯੋਗ ਕਰੋ ਅਤੇ ਮੱਛਰ ਭਜਾਉਣ ਵਾਲੀ ਕਰੀਮ ਜਾਂ ਲਿਕਵੈਡ ਦੀ ਵਰਤੋਂ ਕਰੋ | ਇਸ ਤੋਂ ਇਲਾਵਾ ਘਰ ਅਤੇ ਆਸ ਪਾਸ ਦੀ ਸਾਫ਼ ਸਫ਼ਾਈ ਬਣਾ ਕੇ ਰੱਖੋ, ਘਰ ਦੇ ਆਲ਼ੇ ਦੁਆਲੇ ਕਿਤੇ ਵੀ ਪਾਣੀ ਜਮਾਂ ਨਾ ਹੋਣ ਦਿਓ, ਕਿਉਂਕਿ ਇਹ ਹੀ ਡੇਂਗੂ ਤੋਂ ਬਚਾ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੈ |