ਨੰਗਲ, 5 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੀ ਨੰਗਲ ਇਕਾਈ ਦੀ ਮਹੀਨਾਵਾਰ ਮੀਟਿੰਗ ਪੰਡਿਤ ਰਾਮ ਕਿਸ਼ਨ ਭੜੋਲੀਆ ਯਾਦਗਾਰ ਭਵਨ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਭਨਾਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਖ-ਵੱਖ ਮਹਿਕਮਿਆਂ (ਵਿਭਾਗਾਂ) ਦੇ ਪੈਨਸ਼ਨਰ ਆਗੂਆਂ ਨੇ ਰੋਸ ਪ੍ਰਗਟ ਕੀਤਾ ਕਿ ਨਾ ਤਾਂ ਸਾਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਹੀ ਮਿਲੀ ਹੈ ਤੇ ਨਾਂ ਹੀ ਪੇ ਕਮਿਸ਼ਨ ਦੇ ਬਕਾਏ ਦੀ ਅਪ੍ਰੈਲ ਵਾਲੀ ਕਿਸ਼ਤ ਮਿਲੀ ਹੈ | ਪੈਨਸ਼ਨਰਾਂ ਦੀ ਅਪੀਲ ਹੈ ਕਿ ਅਪ੍ਰੈਲ ਮਹੀਨੇ ਦੀ ਪੈਨਸ਼ਨ ਤੇ ਪੇ ਕਮਿਸ਼ਨ ਦੀ ਬਕਾਏ ਵਾਲੀ ਅਪ੍ਰੈਲ ਦੀ ਕਿਸ਼ਤ ਜਲਦੀ ਦਿੱਤੀ ਜਾਵੇ | ਮਾਨਯੋਗ ਹਾਈ ਕੋਰਟ ਦਾ ਫ਼ੈਸਲਾ ਹੈ ਕਿ ਮੁਲਾਜ਼ਮਾਂ ਪੈਨਸ਼ਨਰਾਂ ਦੇ ਡੀ.ਏ. ਅਤੇ ਪੇ ਕਮਿਸ਼ਨ ਦੇ ਬਕਾਏ 30 ਜੂਨ ਤੱਕ ਦਿੱਤੇ ਜਾਣ | ਪਰ ਇਸ ਬੇਸ਼ਰਮ ਸਰਕਾਰ ਨੇ ਫ਼ੈਸਲੇ ਦੇ ਵਿਰੁੱਧ ਡਬਲ ਬੈਂਚ ਵਿੱਚ ਪਟੀਸ਼ਨ ਪਾ ਦਿੱਤੀ ਤੇ ਫ਼ੈਸਲੇ ਵਿਰੁੱਧ ਸਟੇਅ ਦੀ ਮੰਗ ਕੀਤੀ | ਇਹ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਹਾਈ ਕੋਰਟ ਡਬਲ ਬੈਂਚ ਨੇ ਸਰਕਾਰ ਨੂੰ ਸਟੇਅ ਦੇਣ ਤੋਂ ਨਾਂਹ ਕਰ ਦਿੱਤੀ ਹੈ | ਸਰਕਾਰ ਦੀ ਇਸ ਬੇਸ਼ਰਮੀ ਵਿਰੁੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ | ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ 17-05-26 (ਸਤਾਰਾਂ ਮਈ) ਨੂੰ ਜਲੰਧਰ ਵਿਖੇ ਇੱਕ ਵੱਡੀ ਕਾਨਫ਼ਰੰਸ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਮੀਟਿੰਗ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਸ਼ਮੀਰੀ ਲਾਲ, ਸਟੇਜ ਸਕੱਤਰ ਹਰਦਿਆਲ ਸਿੰਘ ਪਲਾਸੀ, ਵਿੱਤ ਸਕੱਤਰ ਗੁਰਚਰਨ ਕੁਮਾਰ, ਦੌਲਤ ਰਾਮ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਰੱਕੜ, ਫ਼ਕੀਰ ਚੰਦ ਬਾਸੋਵਾਲ ਤੇ ਮੀਤ ਪ੍ਰਧਾਨ ਜਰਨੈਲ ਸਿੰਘ ਸੰਧੂ, ਪਰਮਜੀਤ ਸਿੰਘ ਪਲਾਸੀ, ਗੰਗਾ ਪ੍ਰਸਾਦ, ਵਿਜੇ ਕੁਮਾਰ ਸ਼੍ਰੀ, ਹਰੀਸ਼ ਦੱਤ, ਤਰਸੇਮ ਸਿੰਘ ਐਸਗਰਾਂ, ਪਿ੍ੰ: ਸੁਖਦੇਵ ਸਿੰਘ, ਕਸ਼ਮੀਰੀ ਲਾਲ ਸੈਂਭੀ, ਮੋਹਣ ਲਾਲ ਬਖ਼ਸ਼ੀ ਰਾਮ, ਰੌਸ਼ਨ ਸਿੰਘ, ਅਨਿਲ ਕੁਮਾਰ ਐਰੀ, ਅਜੀਤ ਸਿੰਘ ਮਾਨ ਹਾਜ਼ਰ ਹੋਏ |