ਰੂਪਨਗਰ, 9 ਮਈ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਦੇ ਸਫ਼ਾਈ ਮਜ਼ਦੂਰ ਸੰਘ ਯੂਨੀਅਨ ਵਲੋਂ ਆਰੰਭ ਕੀਤੀ ਗਈ ਅਨਿਸ਼ਚਿਤ ਕਾਲ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ | ਨਗਰ ਕੌਂਸਲ ਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ | ਹੜਤਾਲ ਨੂੰ ਸਮਰਥਨ ਦੇਣ ਲਈ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਜਰਨੈਲ ਸਿੰਘ ਔਲਖ ਨਗਰ ਕੌਂਸਲ ਪਹੁੰਚੇ | ਉਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗਾਂ ਜਲਦ ਪੂਰੀਆਂ ਕਰਨ ਦੀ ਅਪੀਲ ਕੀਤੀ | ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਸਫਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਸ਼ਹਿਰ ਦੇ ਕਈ ਇਲਾਕਿਆਂ ਵਿਚ ਕੂੜੇ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਇਸ ਮੌਕੇ ਯੂਨੀਅਨ ਆਗੂ ਅਜੇ ਭੱਟੀ ਪ੍ਰਧਾਨ, ਰਾਜੂ ਵਾਈਸ ਪ੍ਰਧਾਨ, ਅਸ਼ੋਕ ਕੁਮਾਰ, ਸੋਨੂ, ਅਨਿਲ ਕੁਮਾਰ, ਰੌਕੀ, ਬਿੰਦਰ ਸਿੰਘ ਸਮੇਤ ਹੋਰ ਕਰਮਚਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ |