ਨੰਗਲ, 9 ਮਈ (ਪ੍ਰੀਤਮ ਸਿੰਘ ਬਰਾਰੀ)- ਮਿਉਂਸਪਲ ਕਰਮਚਾਰੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਨਗਰ ਕੌਂਸਲ ਨੰਗਲ ਦੇ ਮਿਉਂਸਪਲ ਸੈਨੀਟੇਸ਼ਨ ਵਰਕਰਜ਼ ਐਂਪਲਾਈਜ਼ ਯੂਨੀਅਨ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਕੌਸ਼ਲ ਕੁਮਾਰ ਦੀ ਅਗਵਾਈ ਵਿਚ ਲਗਭਗ 300 ਸਫ਼ਾਈ ਕਰਮਚਾਰੀ ਟਰੱਕ ਯੂਨੀਅਨ ਦੇ ਨੇੜੇ ਫਲਾਈਓਵਰ ਦੇ ਹੇਠਾਂ ਇਕੱਠੇ ਹੋਏ ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਕਰਮਚਾਰੀ ਵਿਰੋਧੀ ਨੀਤੀਆਂ ਅਪਣਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਹੜਤਾਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨਗੇ | ਇਸ ਮੌਕੇ ਰਵੀ ਰਾਏ, ਵਿਨੋਦ ਕੁਮਾਰ ਬੰਟੀ, ਰਾਜੇਸ਼ ਕੁਮਾਰ, ਸੁਰੇਸ਼ ਕੁਮਾਰ, ਰਾਜਕੁਮਾਰ, ਸਰਵਣ, ਬਬਲੀ, ਅਵਿਨਾਸ਼ ਕੁਮਾਰ, ਰਾਕੇਸ਼ ਕੁਮਾਰ, ਸ਼ਾਂਤੀ ਦੇਵੀ, ਅਲਕਾ, ਸ਼ਸ਼ੀ, ਸੁਨੀਤਾ ਦੇਵੀ, ਨੀਲਮ ਤੇ ਦੀਪਮਾਲਾ ਆਦਿ ਮੌਜੂਦ ਸਨ |