ਨੂਰਪੁਰ ਬੇਦੀ, 15 ਮਈ (ਵਿੰਦਰਪਾਲ ਝਾਂਡੀਆਂ)-ਪਿੰਡ ਜਤੋਲੀ ਵਿਖੇ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 15 ਵਾਂ ਸਾਲਾਨਾ ਭੰਡਾਰਾ ਤੇ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਨੇ ਦੱਸਿਆ ਕਿ 17 ਮਈ ਨੂੰ ਸਮਾਗਮ ਦੀ ਸ਼ੁਰੂਆਤ ਮੰਦਰ ਵਿਖੇ ਕਰਵਾਏ ਜਾਣ ਵਾਲੇ ਵਿਸ਼ਾਲ ਹਵਨ ਯੱਗ ਨਾਲ ਹੋਵੇਗੀ ਜਿਸ ਵਿਚ ਸਮੂਹ ਸੰਗਤਾਂ ਵਲੋਂ ਪੂਰਨ ਅਹੂਤੀਆਂ ਪਾਈਆਂ ਜਾਣਗੀਆਂ | ਉਪਰੰਤ ਵੱਖ-ਵੱਖ ਭਜਨ ਮੰਡਲੀਆਂ ਵਲੋਂ ਕੀਰਤਨ ਤੇ ਭਜਨਾਂ ਰਾਹੀਂ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਧਾਰਮਿਕ ਰਸਮਾਂ ਦੇ ਤਹਿਤ ਸੰਗਤਾਂ ਵਲੋਂ ਝੰਡੇ ਦੀ ਰਸਮ ਵੀ ਅਦਾ ਕੀਤੀ ਜਾਵੇਗੀ ਜਿਸ ਤੋਂ ਬਾਅਦ ਮੰਦਰ ਵਿਖੇ ਸੰਗਤਾਂ ਲਈ ਅਤੁੱਟ ਭੰਡਾਰੇ ਦਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਰਾਤ ਸਮੇਂ ਵਿਸ਼ਾਲ ਸਲਾਨਾ ਜਾਗਰਣ ਕਰਵਾਇਆ ਜਾਵੇਗਾ ਜਿਸ ਦੌਰਾਨ ਪ੍ਰਸਿੱਧ ਕਲਾਕਾਰ ਕਰਨ ਜੰਡੀ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |