ਸ੍ਰੀ ਚਮਕੌਰ ਸਾਹਿਬ, 15 ਮਈ (ਜਗਮੋਹਣ ਸਿੰਘ ਨਾਰੰਗ)- ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਨਵੋਦਿਆ ਵਿਦਿਆਲਿਆ ਸਮਿਤੀ ਖੇਤਰ ਚੰਡੀਗੜ੍ਹ ਵਲੋਂ ਕਰਵਾਏ 3 ਦਿਨਾਂ ਲੜਕੀਆਂ ਦੇ ਕਰਵਾਏ ਖੇਤਰੀ ਪੱਧਰੀ ਕਬੱਡੀ ਮੁਕਾਬਲਿਆਂ ਵਿਚ ਆਲ ਓਵਰ ਟਰਾਫ਼ੀ ਪੰਜਾਬ-1 ਕਲੱਸਟਰ ਨੇ ਹਾਸਲ ਕੀਤੀ | ਮੁਕਾਬਲਿਆਂ ਦੇ ਅੰਤਿਮ ਦਿਨ ਕਰਵਾਏ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਤੇ ਪੀ. ਸੀ. ਏ. ਮੈਂਬਰ ਬੀਰ ਦਵਿੰਦਰ ਸਿੰਘ ਬਲਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸ. ਕੰਗ ਨੇ ਕਿਹਾ ਕਿ ਲੜਕੀਆਂ ਅੱਜ ਹਰ ਖੇਤਰ ਵਿਚ ਅੱਗੇ ਹਨ, ਭਾਵੇਂ ਖੇਡਾਂ ਹੋਣ ਜਾਂ ਸਿੱਖਿਆ ਜਾਂ ਫਿਰ ਉਦਯੋਗ ਜਾਂ ਸਰਕਾਰੀ ਨੌਕਰੀਆਂ ਹੋਣ, ਹਰ ਖੇਤਰ ਵਿਚ ਲੜਕੀਆਂ ਦੇ ਪਾਏ ਜਾ ਰਹੇ ਯੋਗਦਾਨ ਯਾਦਗਾਰੀ ਹਨ | ਵਿਦਿਆਲਿਆ ਦੇ ਪਿ੍ੰਸੀਪਲ ਰਤਨ ਪਾਲ ਗੁਪਤਾ ਨੇ ਦੱਸਿਆ ਕਿ ਅੰਡਰ 14 ਸਾਲਾ ਵਰਗ ਦਾ ਫਾਈਨਲ ਮੁਕਾਬਲਾ ਪੰਜਾਬ-1 ਤੇ ਹਿਮਾਚਲ ਪ੍ਰਦੇਸ਼ ਦੌਰਾਨ ਹੋਇਆ ਜਿਸ ਵਿਚ ਪੰਜਾਬ-1 ਕਲੱਸਟਰ ਦੀ ਟੀਮ ਜੇਤੂ ਰਹੀ | ਇਸੇ ਤਰ੍ਹਾਂ ਅੰਡਰ 17 ਸਾਲਾ ਵਰਗ ਦਾ ਫਾਈਨਲ ਜੰਮੂ ਕਸ਼ਮੀਰ-2 ਕਲੱਸਟਰ ਨੇ ਪੰਜਾਬ -2 ਕਲੱਸਟਰ ਨੇ ਬੁਰੀ ਤਰ੍ਹਾਂ ਮਾਤ ਦਿੱਤੀ ਅਤੇ ਅੰਡਰ 19 ਸਾਲਾ ਵਰਗ ਵਿਚ ਵੀ ਪੰਜਾਬ -1 ਨੇ ਹਿਮਾਚਲ ਪ੍ਰਦੇਸ਼ ਨੂੰ ਫਾਈਨਲ ਵਿਚ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ | ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ -14 ਵਿਚ ਮਾਨਸਾ ਦੀ ਪ੍ਰੀਤੀ (ਪੰਜਾਬ-1 ਕਲੱਸਟਰ), ਅੰਡਰ 17 ਵਿਚ ਸਾਕਸ਼ੀ ਜਲੰਧਰ (ਪੰਜਾਬ ਕਲੱਸਟਰ -2) ਅਤੇ ਅੰਡਰ 19 ਵਿਚ ਗੁਰਲੀਨ ਕੌਰ ਜੇ. ਐਨ. ਵੀ. ਸੰਧੂਆਂ (ਕਲੱਸਟਰ ਪੰਜਾਬ 1) ਨੂੰ ਉੱਤਮ ਖਿਡਾਰੀਆਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਮਾਪਤੀ ਸਮਾਰੋਹ ਦੌਰਾਨ ਵੱਖ-ਵੱਖ ਕਲੱਸਟਰਾਂ ਤੋਂ ਆਏ ਖਿਡਾਰੀਆਂ ਨੇ ਆਪੋ ਆਪਣੇ ਸੂਬਿਆਂ ਦੇ ਨਾਚ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ | ਪਿ੍ੰਸੀਪਲ ਗੁਪਤਾ ਨੇ ਆਏ ਸਮੂਹ ਮਹਿਮਾਨਾਂ, ਟੀਮਾਂ, ਕੋਚ ਤੇ ਸਹਿਯੋਗੀ ਅਧਿਆਪਕਾ ਦਾ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ, ਚੇਅਰਮੈਨ ਸਕਿੰਦਰ ਸਿੰਘ ਸਹੇੜੀ, ਵਾਈਸ ਪਿ੍ੰਸੀਪਲ ਕੇ.ਕੇ. ਸੂਦ, ਸੰਗੀਤ ਅਧਿਆਪਕ ਰਵਿੰਦਰ ਸਿੰਘ, ਨਰਿੰਦਰ ਸਿੰਘ ਬੰਗਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ, ਪਿੰਡ ਦੇ ਸਰਪੰਚ ਕਿਰਨਜੀਤ ਕੌਰ, ਹਰਜੀਤ ਸਿੰਘ ਪੰਚ, ਸਰਬਜੀਤ ਸਿੰਘ, ਹਰਮਨਦੀਪ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿਤੋਤ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ ਬੰਟੀ, ਨੰਬਰਦਾਰ ਹਰਸ਼ਰਨ ਸਿੰਘ, 'ਆਪ' ਯੂਥ ਆਗੂ ਸਮਰੱਥ ਸਿੰਘ ਸੰਧੂ ਸਮੇਤ ਆਲ਼ੇ-ਦੁਆਲੇ ਪਿੰਡਾਂ ਦੇ ਪੰਚ ਸਰਪੰਚ, ਪਤਵੰਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ |