ਨੰਗਲ, 15 ਮਈ (ਗੁਰਪ੍ਰੀਤ ਸਿੰਘ ਗਰੇਵਾਲ)-'ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਕ੍ਰਾਂਤੀ ਲਿਆ ਕੇ ਨਵਾਂ ਇਤਿਹਾਸ ਸਿਰਜਿਆ ਹੈ', ਇਹ ਵਿਚਾਰ ਸਰਕਾਰੀ ਪ੍ਰੋਗਰਾਮ 'ਯੁੱਧ ਨਸ਼ਿਆਂ ਵਿਰੁੱਧ' ਦੇ ਸੰਯੋਜਕ ਹਿਤੇਸ਼ ਸ਼ਰਮਾ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਅਸੀਂ ਜਦੋਂ ਦੀ ਸੁਰਤ ਸੰਭਾਲੀ ਇਹੀ ਪੜਿ੍ਹਆ ਕੇ ਕੇਰਲ 'ਚ ਸਕੂਲੀ ਸਿੱਖਿਆ ਕਮਾਲ ਦੀ ਹੈ ਪਰ ਹੁਣ 'ਨੀਤੀ ਆਯੋਗ' ਦੀ ਰਿਪੋਰਟ ਇਹ ਦੱਸਿਆ ਗਿਆ ਕਿ ਪੰਜਾਬ ਨੇ ਕੇਰਲ ਨੂੰ ਪਛਾੜ ਦਿੱਤਾ ਹੈ | ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ ਜੇ.ਈ.ਈ. ਮੇਨ ਇਮਤਿਹਾਨ ਪਾਸ ਕੀਤਾ ਹੈ ਤੇ 1284 ਵਿਦਿਆਰਥੀ ਨੀਟ ਪ੍ਰੀਖਿਆ ਪਾਸ ਕਰ ਗਏ ਹਨ | ਸਿੱਖਿਆ ਬਜਟ 'ਚ ਚੋਖਾ ਵਾਧਾ ਹੋਣ ਕਾਰਨ ਸਰਕਾਰੀ ਸਕੂਲਾਂ ਦੀ ਦਿਖ ਕਾਨਵੈਂਟ ਸਕੂਲਾਂ ਵਰਗੀ ਹੋ ਗਈ ਹੈ | ਇਸ ਵੇਲੇ ਸਕੂਲ ਆਫ਼ ਐਮੀਨੈਂਸ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੰਗਲ, ਸਰਕਾਰੀ ਸ.ਸ. ਸਕੂਲ ਕਥੇੜਾ, ਸਰਕਾਰੀ ਹਾਈ ਸਕੂਲ ਪਿੰਡ ਜਿੰਦਵੜੀ ਸੁਰਖੀਆਂ 'ਚ ਹਨ ਕਿਉਂਕਿ ਬੱਚੇ ਨਿੱਤ ਨਵੀਆਂ ਪ੍ਰਾਪਤੀਆਂ ਕਰ ਰਹੇ ਹਨ |