ਸ੍ਰੀ ਅਨੰਦਪੁਰ ਸਾਹਿਬ, 15 ਮਈ (ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਅਤੇ ਸਮੁੱਚੇ ਖੇਤਰ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲੋਕ ਪੁਲਿਸ ਨੂੰ ਬਗੈਰ ਕਿਸੇ ਡਰ ਦੇ ਪੁਲਿਸ ਨੂੰ ਸਹਿਯੋਗ ਕਰਨ | ਇਹ ਪ੍ਰਗਟਾਵਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਨਵ-ਨਿਯੁਕਤ ਥਾਣਾ ਮੁਖੀ ਇੰਸਪੈਕਟਰ ਜਤਿਨ ਕਪੂਰ ਨੇ ਕੀਤਾ | ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ਇਹ ਉਨਾਂ ਲਈ ਸੁਭਾਗ ਦੀ ਗੱਲ ਹੈ ਕਿ ਉਨਾਂ ਨੂੰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ | ਉਨਾਂ ਕਿਹਾ ਕਿ ਹੁੱਲੜਬਾਜ਼ੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਮਨ-ਕਾਨੂੰਨ ਦੀ ਸਥਿਤੀ ਹਰ ਹਾਲਤ ਵਿਚ ਕਾਇਮ ਰੱਖੀ ਜਾਵੇਗੀ | ਜਤਿਨ ਕਪੂਰ ਨੇ ਕਿਹਾ ਕਿ ਜ਼ਿਲਾ ਪੁਲਿਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕਿਸੇ ਵੀ ਤਰਾਂ ਦੇ ਨਾਜਾਇਜ਼ ਧੰਦੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਥਾਣਾ ਮੁਖੀ ਨੇ ਸਮੂਹ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਨਸ਼ਾ-ਮੁਕਤ ਅਤੇ ਹੁੱਲੜਬਾਜ਼ੀ-ਮੁਕਤ ਸ਼ਹਿਰ ਬਣਾਇਆ ਜਾਵੇਗਾ |