ਨੂਰਪੁਰ ਬੇਦੀ, 21 ਮਈ (ਵਿੰਦਰਪਾਲ ਝਾਂਡੀਆਂ)- ਪੰਜਾਬ ਦੇ ਟੈਕਸੀ ਮਾਲਕਾਂ ਅਤੇ ਚਾਲਕਾਂ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਆਜ਼ਾਦ ਟੈਕਸੀ ਯੂਨੀਅਨ (ਪੰਜਾਬ) ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਟਰਾਂਸਪੋਰਟ ਵਿਭਾਗ ਨਾਲ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਯੂਨੀਅਨ ਦੀਆਂ ਕਈ ਅਹਿਮ ਮੰਗਾਂ 'ਤੇ ਸਹਿਮਤੀ ਬਣ ਗਈ | ਇਹ ਮੀਟਿੰਗ ਬੀਤੀ 13 ਅਪ੍ਰੈਲ ਨੂੰ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਦੇ ਪਿ੍ੰਸੀਪਲ ਸਕੱਤਰ ਵਰੁਣ ਰੂਜਮ ਨਾਲ ਹੋਈ ਮੀਟਿੰਗ ਤੋਂ ਬਾਅਦ ਸੰਭਵ ਹੋ ਸਕੀ ਜਿਸ ਵਿਚ ਟੈਕਸੀ ਚਾਲਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਸੀ | ਅੱਜ ਹੋਈ ਮੀਟਿੰਗ ਵਿਚ ਆਜ਼ਾਦ ਟੈਕਸੀ ਯੂਨੀਅਨ ਵਲੋਂ ਪ੍ਰਧਾਨ ਤੀਰਥਪਾਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਜਵਾਹਰ ਸਿੰਘ ਮੱਲੀ, ਜਨਰਲ ਸਕੱਤਰ ਸੁਖਜੀਤ ਸਿੰਘ ਬੈਨੀਵਾਲ ਅਤੇ ਖ਼ਜ਼ਾਨਚੀ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਵਫ਼ਦ ਨੇ ਹਿੱਸਾ ਲਿਆ | ਇਸ ਮੌਕੇ ਰਮਨਦੀਪ ਸਿੰਘ ਸੰਧੂ, ਭਾਰਤ ਭੂਸ਼ਣ, ਗੁਰਪ੍ਰੀਤ ਸਿੰਘ, ਧਰਮਵੀਰ ਸਿੰਘ ਖ਼ਾਲਸਾ ਤੇ ਬਲਵਿੰਦਰ ਸਿੰਘ ਵੀ ਮੌਜੂਦ ਰਹੇ | ਟਰਾਂਸਪੋਰਟ ਵਿਭਾਗ ਵਲੋਂ ਐਸ.ਟੀ.ਸੀ. ਪਰਨੀਤ ਸ਼ੇਰਗਿੱਲ, ਐਡੀਸ਼ਨਲ ਐਸ.ਟੀ.ਸੀ. ਸੁਖਵਿੰਦਰ ਕੁਮਾਰ, ਡਿਪਟੀ ਐਸ.ਟੀ.ਸੀ. ਮਨਜੀਤ ਸਿੰਘ ਤੇ ਸਕੱਤਰ ਐਸ.ਟੀ.ਏ. ਰਣਪ੍ਰੀਤ ਸਿੰਘ ਭਿਓਰਾ ਨੇ ਯੂਨੀਅਨ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦਿਆਂ ਕਈ ਮਸਲਿਆਂ ਨੂੰ ਜਾਇਜ਼ ਮੰਨਿਆ ਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਮੀਟਿੰਗ ਦੌਰਾਨ ਏ. ਆਈ .ਟੀ .ਪੀ. ਤੇ ਆਥਰਾਈਜ਼ੇਸ਼ਨ ਸਰਟੀਫਿਕੇਟ ਆਨਲਾਈਨ ਡਾਊਨਲੋਡ ਕਰਨ ਦੀ ਸੁਵਿਧਾ ਇੱਕ ਹਫ਼ਤੇ ਅੰਦਰ ਸ਼ੁਰੂ ਕਰਨ 'ਤੇ ਸਹਿਮਤੀ ਬਣੀ | ਗੱਡੀਆਂ ਦੀ ਪਾਸਿੰਗ ਵਿਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਸਪੈਸ਼ਲ ਪਾਸਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਵੀ ਕੀਤਾ ਗਿਆ | ਇਸ ਤੋਂ ਇਲਾਵਾ ਨੈਸ਼ਨਲ ਪਰਮਿਟ ਦੀ ਮਿਆਦ 12 ਤੋਂ ਵਧਾ ਕੇ 15 ਸਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੇ 12 ਸੀਟਰ ਤੋਂ ਵੱਧ ਗੱਡੀਆਂ 'ਤੇ ਲੱਗਣ ਵਾਲਾ ਭਾਰੀ ਟੈਕਸ ਘਟਾਉਣ ਲਈ ਮਾਮਲਾ ਟਰਾਂਸਪੋਰਟ ਮੰਤਰੀ ਕੋਲ ਰੱਖਣ ਦਾ ਭਰੋਸਾ ਦਿੱਤਾ ਗਿਆ | ਟੈਕਸੀਆਂ ਲਈ ਨਵੀਂ ਘੱਟੋ-ਘੱਟ ਕਿਰਾਇਆ ਸੂਚੀ ਜਾਰੀ ਕਰਨ ਸੰਬੰਧੀ ਵੀ ਜਲਦ ਯੂਨੀਅਨ ਨਾਲ ਮੀਟਿੰਗ ਕਰਕੇ ਫ਼ੈਸਲਾ ਲਿਆ ਜਾਵੇਗਾ | ਮੀਟਿੰਗ ਤੋਂ ਬਾਅਦ ਯੂਨੀਅਨ ਆਗੂਆਂ ਨੇ ਟਰਾਂਸਪੋਰਟ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨਾਲ ਪੰਜਾਬ ਦੇ ਹਜ਼ਾਰਾਂ ਟੈਕਸੀ ਚਾਲਕਾਂ ਤੇ ਮਾਲਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਚੱਲ ਰਹੇ ਅੰਦੋਲਨ 'ਚ ਯੂਨੀਅਨ ਪਹਿਲਾਂ ਵਾਂਗ ਵੱਧ ਚੜ੍ਹ ਕੇ ਭੂਮਿਕਾ ਨਿਭਾਏਗੀ |