ਪੰਚਕੂਲਾ, 27 ਮਈ (ਕਪਿਲ)- ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿੱਜ ਨੇ ਮੰਗਲਵਾਰ ਨੂੰ ਸਥਾਨਕ ਸੈਕਟਰ-20 ਸਥਿਤ ਬਿਜਲੀ ਵਿਭਾਗ ਦੇ ਕਾਲ ਸੈਂਟਰ 'ਚ ਅਚਾਨਕ ਛਾਪੇਮਾਰੀ ਕਰਕੇ ਅਚਨਚੇਤ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੇ ਕਾਲ ਸੈਂਟਰ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਅਤੇ ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ 'ਚ ਲੱਗ ਰਹੇ ਸਮੇਂ ਬਾਰੇ ਜਾਣਕਾਰੀ ਹਾਸਿਲ ਕੀਤੀ | ਇਸ ਨਿਰੀਖਣ ਦੌਰਾਨ ਊਰਜਾ ਮੰਤਰੀ ਨੇ ਖ਼ੁਦ ਸ਼ਿਕਾਇਤਕਰਤਾਵਾਂ ਨਾਲ ਗੱਲਬਾਤ ਕਰਕੇ ਇਹ ਜਾਣਿਆ ਕਿ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਬਿਜਲੀ ਦੀ ਸਮੱਸਿਆ ਕਿੰਨੇ ਸਮੇਂ 'ਚ ਹੱਲ ਕੀਤੀ ਜਾਂਦੀ ਹੈ | ਜਾਣਕਾਰੀ ਅਨੁਸਾਰ ਇਹ ਕਾਲ ਸੈਂਟਰ ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਉਣ ਵਾਲੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਨੂੰ ਪ੍ਰਾਪਤ ਕਰਕੇ ਸੰਬੰਧਿਤ ਅਧਿਕਾਰੀਆਂ ਤੱਕ ਭੇਜਦਾ ਹੈ | ਸ਼ਿਕਾਇਤ ਟ੍ਰਾਂਸਫਰ ਹੋਣ ਤੋਂ ਬਾਅਦ ਸਮੱਸਿਆ ਦੇ ਹੱਲ 'ਚ ਲੱਗ ਰਹੇ ਸਮੇਂ ਦੀ ਜਾਂਚ ਲਈ ਹੀ ਅਨਿਲ ਵਿਜ ਬਿਨਾਂ ਕਿਸੇ ਜਾਣਕਾਰੀ ਦੇ ਇਥੇ ਪਹੁੰਚੇ ਸਨ | ਇਸ ਮੌਕੇ ਉਨ੍ਹਾਂ ਨੇ ਖ਼ੁਦ ਇਕ ਆਮ ਉਪਭੋਗਤਾ ਵਜੋਂ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਵੀ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ, ਜਿਸ ਕਾਰਨ ਪ੍ਰਣਾਲੀ ਵਿਚ ਸੁਧਾਰ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਉੱਤਰੀ ਤੇ ਦੱਖਣੀ ਹਰਿਆਣਾ ਲਈ ਵੱਖ-ਵੱਖ ਕਾਲ ਸੈਂਟਰ ਬਣਾਏ ਗਏ ਹਨ ਜੋ 24 ਘੰਟੇ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਉਪਭੋਗਤਾ 1912 ਨੰਬਰ 'ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕੁਝ ਸ਼ਿਕਾਇਤਕਰਤਾ ਸੇਵਾਵਾਂ ਤੋਂ ਸੰਤੁਸ਼ਟ ਹਨ, ਜਦਕਿ ਕੁਝ ਨੇ ਅਸੰਤੁਸ਼ਟੀ ਜਤਾਈ ਹੈ | ਇਸ ਦੌਰਾਨ ਉਨ੍ਹਾਂ ਨੇ ਮੋਰਨੀ ਖੇਤਰ ਵਿਚ ਬਿਜਲੀ ਖ਼ਰਾਬ ਹੋਣ ਦੀ ਸ਼ਿਕਾਇਤ 'ਤੇ ਐਸ. ਈ. ਨਾਲ ਗੱਲ ਕਰਕੇ ਤੁਰੰਤ ਸਟਾਫ਼ ਭੇਜਣ ਦੇ ਨਿਰਦੇਸ਼ ਦਿੱਤੇ | ਊਰਜਾ ਮੰਤਰੀ ਨੇ ਕਿਹਾ ਕਿ ਰੋਹਤਕ ਸਰਕਲ ਵਿਖੇ ਲਗਭਗ 2200 ਸ਼ਿਕਾਇਤਾਂ ਲੰਬਿਤ ਹਨ | ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਇਸ ਕੰਮ ਲਈ ਹੋਰ ਕਰਮਚਾਰੀ ਵੀ ਤਾਇਨਾਤ ਕੀਤੇ ਜਾਣਗੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾ ਸਕੇ |