ਐੱਸ. ਏ. ਐੱਸ. ਨਗਰ, 27 ਮਈ (ਪ੍ਰੋ. ਅਵਤਾਰ ਸਿੰਘ)- ਅਕਾਦਮਿਕ ਉੱਤਮਤਾ, ਨਵੀਨਤਾ-ਮੁਖੀ ਸਿੱਖਿਆ ਤੇ ਸੰਸਥਾਗਤ ਵਿਕਾਸ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਆਪਣੀ ਦੂਜੀ ਅਕਾਦਮਿਕ ਕੌਂਸਲ ਮੀਟਿੰਗ ਸਫ਼ਲਤਾਪੂਰਵਕ ਕਰਵਾਈ ਗਈ | ਰਾਸ਼ਟਰੀ ਗੀਤ ਉਪਰੰਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਵਿਨੈ ਗੋਇਲ ਨੇ ਆਏ ਹੋਏ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਬਦਲਦੇ ਤਕਨੀਕੀ ਦੌਰ ਮੁਤਾਬਿਕ ਉਦਯੋਗਿਕ ਜਗਤ ਨਾਲ ਤਾਲਮੇਲ ਤੇ ਆਧੁਨਿਕ ਅਧਿਆਪਨ ਪ੍ਰਣਾਲੀ ਅਪਣਾਉਣ 'ਤੇ ਜ਼ੋਰ ਦਿੱਤਾ | ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ, ਪ੍ਰੀਖਿਆ ਤੇ ਪੀ.ਐਚ.ਡੀ. ਨਿਯਮਾਂ 'ਤੇ ਵਿਸ਼ੇਸ਼ ਚਰਚਾ ਕੀਤੀ ਗਈ | ਕੌਂਸਲ ਨੇ ਯੂਨੀਵਰਸਿਟੀ ਦੀਆਂ ਨੀਤੀਆਂ ਨੂੰ 'ਨੇਪ-2020' ਦੇ ਉਦੇਸ਼ਾਂ ਨਾਲ ਜੋੜਨ, ਪ੍ਰੀਖਿਆ ਪ੍ਰਣਾਲੀ 'ਚ ਪਾਰਦਰਸ਼ਤਾ, ਲੱਚਕਤਾ ਤੇ ਨਤੀਜਾ-ਮੁਖੀ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ | ਮਾਹਿਰਾਂ ਨੇ ਉਦਯੋਗਿਕ ਜਗਤ ਦੀਆਂ ਮੌਜੂਦਾ ਮੰਗਾਂ ਦੇਖਦਿਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਮਸ਼ੀਨ ਲਰਨਿੰਗ, ਡਾਟਾ ਸਾਇੰਸ, ਸਾਈਬਰ ਸਕਿਊਰਿਟੀ, ਕੁਆਂਟਮ ਕੰਪਿਊਟਿੰਗ, ਕਲਾਊਡ ਕੰਪਿਊਟਿੰਗ, ਰੋਬੋਟਿਕਸ, ਫਿਨਟੈੱਕ, ਬਿਜ਼ਨੈੱਸ ਐਨਾਲੀਟਿਕਸ ਤੇ ਡਿਜ਼ੀਟਲ ਟਰਾਂਸਫਾਰਮੇਸ਼ਨ ਵਰਗੇ ਉੱਭਰ ਰਹੇ ਖੇਤਰਾਂ 'ਚ ਭਵਿੱਖ ਦੇ ਪ੍ਰੋਗਰਾਮਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਇਸੇ ਦੌਰਾਨ ਕੌਂਸਲ ਨੇ ਆਈ.ਬੀ.ਐਮ., ਈ.ਆਈ., ਕੇ.ਪੀ.ਐੱਚ. ਜੀ. ਵਰਗੀਆਂ ਵਿਸ਼ਵ-ਪ੍ਰਸਿੱਧ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ 'ਨਿਊਟਨ ਸਕੂਲ ਆਫ਼ ਏ. ਆਈ. ਐਂਡ ਕੰਪਿਊਟਿੰਗ' ਤੇ 'ਮੈਟਾ ਸਕੂਲ ਆਫ਼ ਬਿਜ਼ਨੈੱਸ' ਦੇ ਰਣਨੀਤਿਕ ਰੋਡਮੈਪ ਦੀ ਸਮੀਖਿਆ ਕੀਤੀ | ਇਸ ਮੌਕੇ ਯੂਨੀਵਰਸਿਟੀ ਦੀਆਂ ਵੱਡੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ | ਮੀਟਿੰਗ ਦੀ ਸਫ਼ਲਤਾਪੂਰਵਕ ਸਮਾਪਤੀ ਮੌਕੇ ਪ੍ਰੋ. (ਡਾ.) ਅਨੁਪਮ ਸ਼ਰਮਾ ਪ੍ਰੋ-ਵਾਈਸ ਚਾਂਸਲਰ (ਪ੍ਰੀਖਿਆ) ਤੇ ਰਜਿਸਟਰਾਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਮੀਟਿੰਗ ਦੇ ਸਫ਼ਲ ਪ੍ਰਬੰਧਾਂ ਲਈ ਸਮੁੱਚੇ ਮੈਂਬਰਾਂ, ਮਾਹਿਰਾਂ ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ |