ਰੂਪਨਗਰ, 27 ਮਈ (ਯਸ਼ਵੰਤ ਬੱਸੀ)-ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ (ਨਾਇਲਟ) ਰੂਪਨਗਰ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਰੂਪਨਗਰ ਵਿਚਕਾਰ ਅਕਾਦਮਿਕ ਸਹਿਯੋਗ, ਤਕਨੀਕੀ ਸਿਖਲਾਈ, ਖੋਜ ਸਹਿਕਾਰਤਾ, ਡਿਜੀਟਲ ਲਰਨਿੰਗ ਅਤੇ ਉਦਯੋਗ-ਕੇਂਦਰਿਤ ਹੁਨਰ ਵਿਕਾਸ ਨੂੰ ਉਤਸਾਹਿਤ ਕਰਨ ਲਈ ਇੱਕ ਸਮਝੌਤਾ ਪੱਤਰ (ਐਮ.ਓ.ਯੂ.) ਸਾਈਨ ਕੀਤਾ ਗਿਆ | ਇਹ ਸਮਝੌਤਾ ਪੰਜਾਬ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਿਦਾਇਤ ਤਹਿਤ ਕੀਤਾ ਗਿਆ | ਇਹ ਐਮ.ਓ.ਯੂ. ਪਿ੍ੰਸੀਪਲ ਸਰਕਾਰੀ ਪੌਲੀਟੈਕਨਿਕ ਕਾਲਜ ਰੂਪਨਗਰ ਡਾ. ਨਵਨੀਤ ਵਾਲੀਆ ਅਤੇ ਐਗਜ਼ਿਕਿਊਟਿਵ ਡਾਇਰੈਕਟਰ ਨਾਇਲਟ ਰੋਪੜ ਦੀਪਕ ਵਾਸਨ ਵਲੋਂ ਸਾਇਨ ਕੀਤਾ ਗਿਆ | ਇਸ ਸਹਿਯੋਗ ਦਾ ਮੁੱਖ ਉਦੇਸ਼ ਸਰਕਾਰੀ ਪੌਲੀਟੈਕਨਿਕ ਕਾਲਜ ਰੂਪਨਗਰ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਲਈ ਅਕਾਦਮਿਕ ਤੇ ਪੇਸ਼ੇਵਰ ਮੌਕਿਆਂ ਦਾ ਵਿਸਥਾਰ ਕਰਨਾ ਹੈ | ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਿ੍ੰਸੀਪਲ ਸਰਕਾਰੀ ਪੌਲੀਟੈਕਨਿਕ ਕਾਲਜ ਰੂਪਨਗਰ ਡਾ. ਨਵਨੀਤ ਵਾਲੀਆ ਤੇ ਐਗਜ਼ਿਕਿਉਟਿਵ ਡਾਇਰੈਕਟਰ ਦੀਪਕ ਵਾਸਨ ਨੇ ਦੱਸਿਆ ਕਿ ਇਸ ਸਮਝੋਤਾ ਪੱਤਰ ਤਹਿਤ ਵਿਦਿਆਰਥੀਆਂ ਨੂੰ ਟਰੇਨਿੰਗ ਪ੍ਰੋਗਰਾਮਾਂ, ਵਰਕਸ਼ਾਪਾਂ, ਸੈਮੀਨਾਰਾਂ, ਤਕਨੀਕੀ ਸਮਾਗਮਾਂ, ਇੰਟਰਨਸ਼ਿਪਾਂ, ਪ੍ਰੋਜੈਕਟ ਵਰਕ, ਉਦਯੋਗਿਕ ਤੇ ਫੀਲਡ ਦੌਰਿਆਂ ਦੇ ਨਾਲ-ਨਾਲ ਨਾਇਲਟ ਰੋਪੜ ਦੀਆਂ ਆਧੁਨਿਕ ਸਹੂਲਤਾਂ ਅਤੇ ਮਾਹਿਰਤਾ ਦਾ ਲਾਭ ਮਿਲੇਗਾ | ਇਹ ਸਹਿਯੋਗ ਵਿਦਿਆਰਥੀਆਂ ਵਿਚ ਪ੍ਰੈਕਟੀਕਲ ਸਿੱਖਿਆ, ਇੰਡਸਟਰੀ-ਅਕਾਦਮਿਕ ਸੰਪਰਕ, ਡਿਜੀਟਲ ਤਿਆਰੀ ਅਤੇ ਹੁਨਰ ਵਿਕਾਸ ਨੂੰ ਹੋਰ ਮਜ਼ਬੂਤ ਕਰੇਗਾ | ਉਨ੍ਹਾਂ ਕਿਹਾ ਕਿ ਦੋਵੇਂ ਸੰਸਥਾਵਾਂ ਦੇ ਆਪਸੀ ਸਮਝੌਤੇ ਤੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਅਕਾਦਮਿਕ ਅਤੇ ਪੇਸ਼ੇਵਰ ਵਿਕਾਸ ਨੂੰ ਵੱਡਾ ਲਾਭ ਮਿਲੇਗਾ |