ਜ਼ੀਰਕਪੁਰ, 31 ਮਈ (ਮਨਿੰਦਰ ਸਿੰਘ)- ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਜ਼ੀਰਕਪੁਰ ਵਲੋਂ ਸਮਾਜ ਸੇਵਾ 'ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਖੂਨਦਾਨੀਆਂ, ਸਮਾਜਿਕ ਸੰਗਠਨਾਂ ਤੇ ਐਨ. ਜੀ. ਓਜ਼ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਸਮਾਰੋਹ ਕਰਵਾਉਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਮਾਜ ਸੇਵੀ ਸੁਖਦੇਵ ਚੌਧਰੀ ਨੇ ਕਿਹਾ ਕਿ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਸਮਾਜ ਨੂੰ ਕੁਝ ਵਾਪਸ ਦੇਈਏ | ਇਸ ਲਈ ਇਹ ਪਹਿਲ ਪਿਛਲੇ ਕੁਝ ਸਾਲਾਂ ਤੋਂ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਤੇ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਨਾਲ ਕੀਤੀ ਜਾਵੇਗੀ | ਇਸ ਮੁਹਿੰਮ ਨੂੰ ਪੀ. ਜੀ. ਆਈ. ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਵੀ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਪਹਿਲਾਂ ਤੋਂ ਚਲਾਏ ਜਾ ਰਹੇ ਸਮਾਜ ਭਲਾਈ ਦੇ ਕੰਮ ਜਾਰੀ ਹਨ ਜਿਵੇਂ ਕਿ ਪੁਰਾਣੇ ਕੱਪੜੇ ਇਕੱਠੇ ਕਰ ਕੇ ਲੋੜਵੰਦ ਲੋਕਾਂ ਨੂੰ ਵੰਡਣਾ ਤੇ ਅਨਾਥ ਬੱਚਿਆਂ ਦੀ ਮਦਦ ਕਰਨਾ ਆਦਿ | ਇਸ ਮੌਕੇ ਤਥਾਸਤੁ ਸੰਗਠਨ ਦੀ ਮੁਖੀ ਸਰਬਜੀਤ ਕੌਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਸਮਾਜਿਕ ਸੰਗਠਨਾਂ ਤੇ ਸਮਾਜ ਸੇਵੀ ਲੋਕਾਂ ਨੂੰ ਉਤਸ਼ਾਹਿਤ ਕਰਨ 'ਚ ਬਹੁਤ ਲਾਭਦਾਇਕ ਸਾਬਿਤ ਹੁੰਦੇ ਹਨ | ਭੀਖ ਮੰਗਣ ਵਾਲੇ ਬੱਚਿਆਂ ਦੀ ਵੱਧ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ, ਪੁਲਿਸ ਤੇ ਸਮਾਜਿਕ ਸੰਗਠਨਾਂ ਨੂੰ ਇਨ੍ਹਾਂ ਬੱਚਿਆਂ ਦੀ ਸਿੱਖਿਆ ਤੇ ਪੁਨਰਵਾਸ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ | ਇਸ ਮੌਕੇ ਰਿਸ਼ੂ ਕੁਮਾਰ ਤੇ ਵਿਜੇ ਕੁਮਾਰ ਵੀ ਮੌਜੂਦ ਸਨ |