ਬੇਲਾ, 31 ਮਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੇ ਅਕਾਦਮਿਕ ਪੱਧਰ ਵਿਚ ਵਿਕਾਸ ਕਰਦਿਆਂ ਸਾਇੰਸ ਗਰੈਜੂਏਟ ਵਿਦਿਆਰਥੀਆਂ ਲਈ ਐਮ.ਐਸ.ਸੀ. (ਕੈਮਿਸਟਰੀ) ਕੋਰਸ, ਸੈਸ਼ਨ 2026-27 ਤੋਂ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਪ੍ਰਬੰਧਕ ਕਮੇਟੀ ਨੇ ਇਲਾਕੇ ਦੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਹੈ, ਜਿਸ ਤਹਿਤ ਬੇਲਾ ਕਾਲਜ ਵਿਚ ਜੂਨ 2026 ਸੈਸ਼ਨ ਤੋਂ ਐਮ.ਐਸ.ਸੀ. (ਕੈਮਿਸਟਰੀ) ਕੋਰਸ ਸ਼ੁਰੂ ਹੋ ਰਿਹਾ ਹੈ | ਇਸ ਕੋਰਸ ਦੀਆਂ ਸਿਰਫ਼ 40 ਸੀਟਾਂ ਹਨ ਜਿਸ ਲਈ ਬੀ.ਐਸ.ਸੀ. (ਮੈਡੀਕਲ ਅਤੇ ਨਾਨ-ਮੈਡੀਕਲ) ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਬੇਲਾ ਕਾਲਜ ਹਮੇਸ਼ਾ ਹੀ ਚੰਗੇਰੇ ਅਤੇ ਭਵਿੱਖੀ ਸੰਭਾਵਨਾਵਾਂ ਵਾਲੇ ਕੋਰਸ ਵਿਦਿਆਰਥੀਆਂ ਨੂੰ ਦੇਣ ਲਈ ਵਚਨਬੱਧ ਹੈ | ਪੰਜਾਬ ਸਰਕਾਰ ਦੇ ਦਾਖਲਾ ਸ਼ਡਿਊਲ ਅਨੁਸਾਰ ਪੋਸਟ ਗਰੈਜੂਏਟ ਕੋਰਸਾਂ ਦੇ ਆਨ-ਲਾਈਨ ਦਾਖ਼ਲੇ ਦੀ ਪ੍ਰਕਿਰਿਆ 01 ਜੂਨ, 2026 ਤੋਂ ਆਰੰਭ ਹੋ ਜਾਵੇਗੀ | ਇੱਛੁਕ ਵਿਦਿਆਰਥੀ ਆਧੁਨਿਕ ਲੈਬਾਂ ਨਾਲ ਲੈਸ ਕੈਮਿਸਟਰੀ ਵਿਭਾਗ, ਬੇਲਾ ਕਾਲਜ ਵਿਚ ਦਾਖ਼ਲੇ ਲਈ ਪਹੁੰਚ ਸਕਦੇ ਹਨ ਜਾਂ ਪੰਜਾਬ ਸਰਕਾਰ ਦੇ ਪੋਰਟਲ ਤੇ ਅਪਲਾਈ ਕਰ ਸਕਦੇ ਹਨ | ਸੰਸਥਾ ਵਿਚ ਅੰਡਰ-ਗਰੈਜੂਏਟ ਦਾਖ਼ਲਿਆਂ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਹੈ ਜੋ 11 ਮਈ ਤੋਂ ਸ਼ੁਰੂ ਹੋ ਚੁੱਕੇ ਹਨ | ਵਰਨਣਯੋਗ ਹੈ ਕਿ ਸੰਸਥਾ ਵਿਚ ਹੋਰ ਅਨੇਕਾਂ ਹੀ ਪੋਸਟ-ਗੈਰਜੂਏਟ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ |