19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ 'ਤੇ ਓਵਰਲੋਡ ਵਾਹਨਾਂ ਅਤੇ ਟਿੱਪਰਾਂ 'ਤੇ ਲਗਾਈ ਪਾਬੰਦੀ

Ad Position 21
No active advertisement
ਅਜੀਤ ਡੈਸਕ 02-06-2026
ਰੂਪਨਗਰ, 1 ਜੂਨ (ਯਸ਼ਵੰਤ ਬੱਸੀ)- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਜਨਤਕ ਸੁਰੱਖਿਆ, ਆਵਾਜਾਈ ਦੇ ਸੁਚਾਰੂ ਪ੍ਰਬੰਧ, ਸੜਕਾਂ ਦੀ ਸੁਰੱਖਿਆ ਤੇ ਵਿੱਦਿਅਕ ਸੰਸਥਾਵਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੁੱਝ ਮਹੱਤਵਪੂਰਨ ਪਾਬੰਦੀਆਂ ਲਾਗੂ ਕੀਤੀਆਂ ਹਨ | ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ 'ਤੇ ਪਿੰਡ ਕਾਹਨਪੁਰ ਖੂਹੀ ਚੌਕ ਤੋਂ ਪਿੰਡ ਬਾਥੜੀ (ਹਿਮਾਚਲ ਪ੍ਰਦੇਸ਼ ਬਾਰਡਰ) ਤੱਕ ਹਿਮਾਚਲ ਪ੍ਰਦੇਸ਼ ਵਲੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਲਗਾਈ ਹੈ | ਇਨ੍ਹਾਂ ਵਾਹਨਾਂ ਨੂੰ ਵਾਇਆ ਨੰਗਲ-ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮਾਰਗ ਰਾਹੀਂ ਡਾਇਵਰਟ ਕੀਤਾ ਜਾਵੇਗਾ | ਹਾਲਾਂਕਿ ਸਰਕਾਰ ਵਲੋਂ ਮਨਜ਼ੂਰਸ਼ੁਦਾ ਖਣਨ ਸਥਾਨਾਂ ਤੋਂ ਸਮਗਰੀ ਲੈ ਕੇ ਆਉਣ ਵਾਲੇ ਭਾਰੀ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ | ਇਸ ਤੋਂ ਇਲਾਵਾ ਸਥਾਨਕ ਖੇਤਰ ਦੇ ਵਸਨੀਕਾਂ ਦੇ ਭਾਰੀ ਵਾਹਨ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਉਕਤ ਸੜਕ ਦੀ ਵਰਤੋਂ ਕਰ ਸਕਣਗੇ | ਸ੍ਰੀ ਡੇਚਲਵਾਲ ਨੇ ਦੱਸਿਆ ਕਿ ਆਈ.ਆਈ.ਟੀ. ਤੇ ਹੋਰ ਪ੍ਰਸਿੱਧ ਵਿੱਦਿਅਕ ਅਦਾਰਿਆਂ ਦੀ ਮੌਜੂਦਗੀ ਨੂੰ ਧਿਆਨ ਵਿਚ ਰੱਖਦਿਆਂ ਆਈ.ਆਈ.ਟੀ. ਰੋਡ (ਆਈ.ਆਈ.ਟੀ. ਕੈਂਪਸ ਤੋਂ ਫਲਾਈਓਵਰ ਤੱਕ) ਉੱਤੇ ਹੈਵੀ ਓਵਰਲੋਡ ਵਾਹਨਾਂ ਤੇ ਟਿੱਪਰਾਂ ਦੀ ਆਵਾਜਾਈ 'ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ ਤਾਂ ਜੋ ਵਿਦਿਆਰਥੀਆਂ, ਅਧਿਆਪਕਾਂ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਇਸੇ ਤਰ੍ਹਾਂ ਕਲਮਾ-ਨੂਰਪੁਰ ਬੇਦੀ-ਰੂਪਨਗਰ ਸੜਕ ਉੱਤੇ ਚੱਲਣ ਵਾਲੇ ਹੈਵੀ ਓਵਰਲੋਡ ਵਾਹਨਾਂ ਤੇ ਟਿੱਪਰਾਂ ਦੀ ਆਵਾਜਾਈ 'ਤੇ ਵੀ ਪੂਰਨ ਰੋਕ ਲਗਾਈ ਗਈ ਹੈ | ਇਸ ਤੋਂ ਇਲਾਵਾ ਨੂਰਪੁਰ ਬੇਦੀ ਤੋਂ ਬੂੰਗਾ ਸਾਹਿਬ ਮਾਰਗ 'ਤੇ ਆਵਾਜਾਈ ਕਰਨ ਵਾਲੇ ਹੈਵੀ ਓਵਰਲੋਡ ਟਿੱਪਰਾਂ ਤੇ ਹੋਰ ਭਾਰੀ ਵਾਹਨਾਂ ਦੇ ਚੱਲਣ 'ਤੇ ਵੀ ਪਾਬੰਦੀ ਲਗਾਈ ਗਈ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾਬੰਦੀਆਂ ਲੋਕਾਂ ਦੀ ਸੁਰੱਖਿਆ, ਸੜਕਾਂ ਦੀ ਸੰਭਾਲ, ਟਰੈਫਿਕ ਪ੍ਰਬੰਧਨ ਤੇ ਵਿਦਿਅਕ ਸੰਸਥਾਵਾਂ ਦੇ ਆਲੇ-ਦੁਆਲੇ ਸੁਖਾਵਾਂ ਤੇ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਲਾਗੂ ਕੀਤੀਆਂ ਗਈਆਂ ਹਨ | ਉਨ੍ਹਾਂ ਨੇ ਸਮੂਹ ਟਰਾਂਸਪੋਰਟਰਾਂ, ਵਾਹਨ ਚਾਲਕਾਂ ਤੇ ਆਮ ਲੋਕਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਡਿਸਟਿ੍ਕਟ 3080 ਦੇ ਜ਼ਿਲ੍ਹਾ ਗਵਰਨਰ ਨੇ ਰੋਟਰੀ ਕਲੱਬ ਰੂਪਨਗਰ ਦੀਆਂ ਗਤੀਵਿਧੀਆਂ ਦਾ ਕੀਤਾ ਨਿਰੀਖਣ <br/> ਅਗਲੀ ਖ਼ਬਰ ਨਵੇਂ-ਚੁਣੇ ਕੌਂਸਲਰ ਅਵਤਾਰ ਸਿੰਘ ਦਾ ਆੜ੍ਹਤੀ ਐਸੋਸੀਏਸ਼ਨ ਰੂਪਨਗਰ ਮੰਡੀ ਤੇ ਪਿੰਡ ਅਕਬਰਪੁਰ ਵਲੋਂ ਸਨਮਾਨ <br/>
Ad Position 24