ਨੂਰਪੁਰ ਬੇਦੀ, 12 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਦੇਰ ਰਾਤ ਚੱਲੀ ਤੇਜ਼ ਹਨੇਰੀ ਕਾਰਨ ਨੂਰਪੁਰ ਬੇਦੀ ਖੇਤਰ ਦੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਗੁੱਲ ਹੋ ਜਾਣ ਕਾਰਨ ਉਕਤ ਪਿੰਡ ਹਨੇਰੇ ‘ਚ ਡੁੱਬੇ ਰਹੇ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 8 ਵਜੇ ਕਈ ਘੰਟਿਆਂ ਤੱਕ ਮੀਂਹ ਦੇ ਨਾਲ-ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਵੱਖ-ਵੱਖ ਪਿੰਡਾਂ ‘ਚ ਕਈ ਜਗ੍ਹਾ ‘ਤੇ ਬਿਜਲੀ ਦੀਆਂ ਤਾਰਾਂ ਪਰ ਦਰੱਖਤ ਟੁੱਟ ਕੇ ਡਿੱਗ ਪਏ। ਇਸਦੇ ਚੱਲਦਿਆਂ ਨੂਰਪੁਰ ਬੇਦੀ, ਤਖ਼ਤਗੜ੍ਹ ਸਮੇਤ ਕਈ ਫੀਡਰਾਂ ਨਾਲ ਜੁੜੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਅਚਾਨਕ ਗੁੱਲ ਹੋ ਗਈ। ਇਸ ਦੌਰਾਨ ਉਕਤ ਪਿੰਡ ਹਨ੍ਹੇਰੇ ‘ਚ ਡੁੱਬੇ ਰਹੇ। ਸਾਰੀ ਰਾਤ ਕੰਮ ‘ਤੇ ਜੁਟੇ ਰਹੇ ਬਿਜਲੀ ਕਰਮਚਾਰੀਆਂ ਨੇ ਆਖਿਰਕਾਰ ਕਈ ਘੰਟਿਆਂ ਦੀ ਮਿਹਨਤ ਸਦਕਾ ਸਵੇਰ ਤੱਕ ਸਮੁੱਚੇ ਪਿੰਡਾਂ ਦੀ ਇਕ-ਇਕ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਇਸ ਦੌਰਾਨ ਕਈ ਘੰਟੇ ਬਿਜਲੀ ਸਪਲਾਈ ‘ਚ ਵਿਘਨ ਪੈਣ ਕਾਰਣ ਲੋਕਾਂ ਨੂੰ ਪੂਰੀ ਰਾਤ ਗਰਮੀ ਨਾਲ ਬੇਹਾਲ ਹੋਣਾ ਪਿਆ। ਤੇਜ਼ ਹਵਾਵਾਂ ਕਾਰਣ ਕਈ ਦੁਕਾਨਾਂ ‘ਤੇ ਕਾਰੋਬਾਰੀ ਸਥਾਨਾਂ ‘ਤੇ ਲੱਗੇ ਸਾਈਨ ਤੇ ਇਸ਼ਤਿਹਾਰੀ ਬੋਰਡ ਵੀ ਟੁੱਟ ਕੇ ਸੜਕਾਂ ‘ਤੇ ਬਜ਼ਾਰਾਂ ‘ਚ ਵਿਖਰੇ ਪਏ ਦੇਖੇ ਗਏ। ਕਰੀਬ 2 ਘੰਟੇ ਤੱਕ ਚੱਲੀ ਹਨੇਰੀ ਕਾਰਨ ਕਈ ਸਥਾਨਾਂ ‘ਤੇ ਦਰਜਨਾਂ ਦਰੱਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਪਏ ਜਿਨ੍ਹਾਂ ਦੀ ਕਟਾਈ ਕਰਨ ਲਈ ਬਿਜਲੀ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ ਤੇ ਅੱਜ ਦਿਨ ਸਮੇਂ ਵੀ ਮੁਲਾਜ਼ਮ ਕੰਮ ‘ਤੇ ਜੁਟੇ ਰਹੇ। ਇਸ ਸੰਬੰਧੀ ਗੱਲ ਕਰਨ ‘ਤੇ ਵਿਭਾਗ ਦੇ ਐੱਸ.ਡੀ.�. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕਈ ਪਿੰਡਾਂ ‘ਚ ਬਿਜਲੀ ਦੀਆਂ ਤਾਰਾਂ ‘ਤੇ ਦਰਖ਼ਤ ਡਿੱਗਣ ਕਾਰਨ ਸਪਲਾਈ ‘ਚ ਵਿਘਨ ਪਿਆ ਸੀ। ਬਿਜਲੀ ਮੁਲਾਜ਼ਮਾਂ ਨੇ ਲਗਾਤਾਰ ਕੰਮ ਕਰਕੇ ਸਵੇਰ ਤੱਕ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ।