ਪੁਰਖਾਲੀ, 18 ਜੂਨ (ਅੰਮ੍ਰਿਤਪਾਲ ਸਿੰਘ ਬੰਟੀ)- ਟਰੇਡਸ ਕਮਿਸ਼ਨ ਪੰਜਾਬ ਦੀ ਮੀਟਿੰਗ ਅਮਨਦੀਪ ਸਿੰਘ ਸੋਨੀ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਦੀ ਦੇਖ਼ਰੇਖ ਹੇਠ ਪੁਰਖਾਲੀ ਵਿਖੇ ਹੋਈ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉੱਚ ਅਧਿਕਾਰੀ ਸ਼ਾਮਿਲ ਹੋਏ। ਇਸ ਮੌਕੇ ਪੁਰਖਾਲੀ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਹਿੱਸਾ ਲਿਆ। ਵਪਾਰੀ- ਅਧਿਕਾਰੀ ਮਿਲਣੀ ਦੇ ਬੈਨਰ ਹੇਠ ਇਕੱਤਰ ਹੋਏ ਦੁਕਾਨਦਾਰਾਂ ਨੇ ਇਸ ਮੀਟਿੰਗ ਵਿਚ ਜਿੱਥੇ ਟੈਕਸੇਸ਼ਨ ਨੂੰ ਲੈ ਕੇ ਵਿਚਾਰਾਂ ਕੀਤੀਆਂ ਇਸ ਮੌਕੇ ਵਪਾਰੀਆਂ ਵਲੋਂ ਆਪਣੀਆਂ ਸਮੱਸਿਆਵਾਂ ਦੱਸੀਆਂ ਗਈਆਂ ਤੇ ਦੁਕਾਨਦਾਰਾਂ ਵਲੋਂ ਪੇਸ਼ ਆ ਰਹੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੀਟਿੰਗ ਵਿਚ ਲਗਭਗ 20 ਵਿਭਾਗਾਂ ਜੀ.ਐਸ.ਟੀ. ਵਿਭਾਗ, ਐਸ ਡੀ ਐਮ ਦਫ਼ਤਰ, ਬੀ.ਡੀ.ਪੀ.ਓ. ਦਫ਼ਤਰ, ਸਿਹਤ ਵਿਭਾਗ, ਬਿਜਲੀ ਬੋਰਡ,ਪੁਲਿਸ ਵਿਭਾਗ ਤੋਂ ਵੀ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਅਮਨਦੀਪ ਸਿੰਘ ਸੋਨੀ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਨੇ ਦੱਸਿਆ ਕਿ ਮੀਟਿੰਗ ਵਿਚ ਦੁਕਾਨਦਾਰਾਂ ਨੂੰ ਖੁੱਲ੍ਹਾ ਮਾਹੌਲ ਅਤੇ ਖੁੱਲ੍ਹਾ ਸਮਾਂ ਦਿੱਤਾ ਗਿਆ ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਰੱਖ ਸਕਣ। ਉਨ੍ਹਾਂ ਦੱਸਿਆ ਕਿ ਅਜਿਹੀਆਂ ਮੀਟਿੰਗਾਂ ਆਉਣ ਵਾਲੇ ਸਮੇਂ ਵਿਚ ਵੀ ਵੱਖ-ਵੱਖ ਬਾਜ਼ਾਰਾਂ ਵਿਚ ਹੋਣਗੀਆਂ ਜਿਸ ਨਾਲ ਵਪਾਰੀਆਂ ਨੂੰ ਅਧਿਕਾਰੀਆਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ‘ਚ ਐਮ. ਐਲ. ਏ. ਐਡਵੋਕੇਟ ਦਿਨੇਸ਼ ਚੱਡਾ ਨੇ ਵੀ ਸ਼ਿਰਕਤ ਕੀਤੀ ਤੇ ਅਧਿਕਾਰੀਆਂ ਨੂੰ ਟਰੇਡ ਕਮਿਸ਼ਨ ਪੰਜਾਬ ਸਰਕਾਰ ਦੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਟਰੇਡ ਵਿੰਗ ਘਾੜ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਮਗਰੋੜ, ਸਹਾਇਕ ਸਰਬਜੀਤ ਸਿੰਘ ਫ਼ੌਜੀ ਅਤੇ ਤਰਸੇਮ ਸਿੰਘ ਇਹ ਵੀ ਆਪਣੇ ਵਿਚਾਰ ਪੇਸ਼ ਕੀਤੇ।