ਢੇਰ, 1 ਜੁਲਾਈ (ਸ਼ਿਵ ਕੁਮਾਰ ਕਾਲੀਆ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ, ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸਿਰਫ਼ ਪੂਰੇ ਹੀ ਨਹੀਂ ਕੀਤੇ, ਸਗੋਂ ਉਨ੍ਹਾਂ ਤੋਂ ਵੀ ਵੱਧ ਕਰਕੇ ਇਤਿਹਾਸਕ ਕੰਮ ਕਰਕੇ ਲੋਕਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਰਾਹੀਂ ਸਰਕਾਰ ਨੇ ਆਪਣੀ ਆਖ਼ਰੀ ਗਰੰਟੀ ਵੀ ਪੂਰੀ ਕਰ ਦਿੱਤੀ ਹੈ, ਜਿਸ ਨਾਲ ਮਹਿਲਾਵਾਂ ਨੂੰ ਵੱਡਾ ਆਰਥਿਕ ਸਹਾਰਾ ਮਿਲੇਗਾ ਅਤੇ ਸਮਾਜ ਵਿਚ ਉਨ੍ਹਾਂ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਕੈਬਨਿਟ ਮੰਤਰੀ ਨੇ ਜਿੰਦਵੜੀ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਰਕਾਰ ਵਲੋਂ ਚਲਾਈ ਮਾਵਾਂ-ਧੀਆਂ ਸਤਿਕਾਰ ਯੋਜਨਾਂ ਦੀ ਰਜਿਸਟਰੇਸ਼ਨ ਵਿਚ ਸ੍ਰੀ ਅਨੰਦਪੁਰ ਸਾਹਿਬ ਹਲਕਾ ਸੂਬੇ ਦੇ ਅਗੇਤੀ ਹਲਕਿਆਂ ਵਿਚ ਸ਼ਾਮਲ ਹੋ ਗਿਆ ਹੈ, ਹਲਕੇ ਵਿਚ 70 ਹਜ਼ਾਰ ਤੋ ਵੱਧ ਮਹਿਲਾਵਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਭਰੋਸੇ ਅਤੇ ਸਰਕਾਰ ਦੀ ਪਾਰਦਰਸ਼ੀ ਨੀਤੀਆਂ ਦਾ ਨਤੀਜਾ ਹੈ ਕਿ ਹਰ ਵਰਗ ਦੇ ਲੋਕ ਯੋਜਨਾਵਾਂ ਨਾਲ ਜੁੜ ਰਹੇ ਹਨ ਅਤੇ ਇਸ ਦਾ ਲਾਭ ਲੈ ਰਹੇ ਹਨ। ਬੈਂਸ ਨੇ ਅੱਜ ਜਿੰਦਵੜੀ ਵਿਖੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾਂ ਦੀ ਸ਼ੁਰੂਆਤ ਦੇ ਲਾਈਵ ਪ੍ਰਸਾਰਣ ਦੌਰਾਨ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਕੀਰਤਪੁਰ ਸਾਹਿਬ ਅਤੇ ਆਲ਼ੇ ਦੁਆਲੇ ਇਲਾਕਿਆਂ ਤੋਂ ਪਹੁੰਚੀਆਂ ਮਹਿਲਾਵਾਂ ਵਿਚ ਅੱਜ ਭਾਰੀ ਉਤਸ਼ਾਹ ਹੈ, ਉਨ੍ਹਾਂ ਦੇ ਖਾਤਿਆਂ ਵਿਚ ਲਗਾਤਾਰ ਸੰਦੇਸ਼ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੇ ਚਿਹਰਿਆਂ ਦੀ ਮੁਸਕਾਨ ਹੀ ਸਾਡੀ ਸਫਲਤਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡਾ ਪੁੱਤ, ਤੁਹਾਡਾ ਭਰਾ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਅਤੇ ਇਸੇ ਤਰਾਂ ਕੀਤੇ ਵਾਅਦੇ ਪੂਰੇ ਕਰਦੇ ਰਹਾਂਗੇ। ਸ.ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਲੋਕਾਂ ਦੇ ਹਿਤਾਂ ਨੂੰ ਪਹਿਲ ਦਿੱਤੀ ਹੈ ਅਤੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਵਿਖਾਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਰਪੰਚਾਂ ਨੂੰ ਆਜ਼ਾਦੀ ਦਿਹਾੜੇ ਤੋਂ ਮਾਣ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਜਿਸ ਨੂੰ ਪੂਰਾ ਕਰਕੇ ਪਿੰਡ ਪੱਧਰ ‘ਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਖੇਤਰ ਵਿਚ ਵੀ ਸਰਕਾਰ ਵਲੋਂ ਵੱਡੇ ਕਦਮ ਚੁੱਕ ਰਹੀ ਹੈ। 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਕਾਰਡ ਬਣਾਉਣ ਵਿਚ ਵੀ ਸ੍ਰੀ ਅਨੰਦਪੁਰ ਸਾਹਿਬ ਹਲਕਾ ਮੋਹਰੀ ਰਿਹਾ ਹੈ। ਇਸ ਨਾਲ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਉਨ੍ਹਾਂ ਨੂੰ ਮਹਿੰਗੇ ਇਲਾਜ ਦੀ ਚਿੰਤਾ ਤੋਂ ਛੁਟਕਾਰਾ ਮਿਲਿਆ ਹੈ। ਸਿੰਚਾਈ ਖੇਤਰ ਵਿਚ ਹੋਈ ਤਰੱਕੀ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਸਿੰਚਾਈ ਤੋਂ ਵਾਂਝੇ ਰਹੇ 10 ਹਜ਼ਾਰ ਏਕੜ ਖੇਤਰ ਵਿਚ ਸਰਕਾਰ ਦੀਆਂ ਯੋਜਨਾਵਾਂ ਨਾਲ ਹੁਣ ਫ਼ਸਲਾਂ ਲਹਿਲਹਾ ਰਹੀਆਂ ਹਨ। ਚੰਗਰ ਦੇ ਨੀਮ ਪਹਾੜੀ ਇਲਾਕਿਆਂ ਤੱਕ ਲਿਫ਼ਟ ਸਿੰਚਾਈ ਯੋਜਨਾਵਾਂ ਰਾਹੀਂ ਕਰੋੜਾਂ ਰੁਪਏ ਖ਼ਰਚ ਕਰਕੇ ਪਾਣੀ ਪਹੁੰਚਾਇਆ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆਇਆ ਹੈ। ਇਸ ਮੌਕੇ ਸਟੇਜ ਸਕੱਤਰ ਸੀਮਾ ਜੱਸਲ ਅਤੇ ਰਾਜ ਘਈ ਨੇ ਵੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ। ਇਸ ਮੌਕੇ ਮਮਤਾ ਰਾਣੀ ਚੇਅਰਮੈਨ ਬਲਾਕ ਸੰਮਤ ਨੰਗਲ, ਬਲਵਿੰਦਰ ਕੌਰ ਬੈਂਸ, ਗੁਰਵਿੰਦਰ ਸੇਖੋਂ, ਸਰਪੰਚ ਐਡਵੋਕੇਟ ਮੀਨਾ ਕਾਲੀਆ, ਮਧੂ ਬਾਲਾ ਸਰਪੰਚ, ਸਰਪੰਚ ਨੀਲਮ ਸੋਨੀ ਟੱਪਰੀਆਂ ਤੋ ਇਲਾਵਾ ਪਾਰਟੀ ਲੀਡਰਸ਼ਿਪ ਵਿਚੋਂ ਦੀਪਕ ਸੋਨੀ ਚੇਅਰਮੈਨ ਖੱਤਰੀ/ਅਰੋੜਾ ਵੈੱਲਫੇਅਰ ਬੋਰਡ ਰੂਪਨਗਰ, ਚੰਨਣ ਸਿੰਘ ਪੱਮੂ ਢਿੱਲੋਂ ਸਰਪੰਚ, ਸੁਮਿਤ ਜਿੰਦਵੜੀ, ਰਾਕੇਸ਼ ਕਾਲਾ, ਲੱਕੀ ਕਪਲਾ ਸਰਪੰਚ ਤੇ ਵੱਡੀ ਗਿਣਤੀ ਵਿਚ ਪਤਵੰਤੇ ਤੇ ਮਹਿਲਾਵਾਂ ਮੌਜੂਦ ਸਨ।