ਨੂਰਪੁਰ ਬੇਦੀ, 1 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਮਾਨਵ ਸੇਵਾ ਪਰਮੋ ਧਰਮ ਗਰੁੱਪ ਨਾਲ ਜੁੜੇ ਇਕ ਸੇਵਾਦਾਰ ਵਲੋਂ ਪਿੰਡ ਬਰਾਰੀ ਵਿਖੇ ਲੜਕੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ‘ਬਾਪੂ ਕੁੰਭ ਦਾਸ ਜੀ ਮੁਫ਼ਤ ਸਿਲਾਈ ਸੈਂਟਰ’ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਮਾਨਵ ਸੇਵਾ ਪਰਮੋ ਧਰਮ ਗਰੁੱਪ ਕਰੋਨਾ ਕਾਲ ਤੋਂ ਲਗਾਤਾਰ ਮਨੁੱਖਤਾ ਦੀ ਸੇਵਾ ਵਿਚ ਜੁਟਿਆ ਹੋਇਆ ਹੈ। ਗਰੁੱਪ ਵਲੋਂ ਹੁਣ ਤੱਕ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ, ਦਵਾਈਆਂ ਦੀ ਸੇਵਾ, ਵਹੀਲਚੇਅਰਾਂ ਦੀ ਵੰਡ, ਲੋੜਵੰਦ ਧੀਆਂ ਦੇ ਵਿਆਹਾਂ ਲਈ ਆਰਥਿਕ ਸਹਾਇਤਾ ਅਤੇ ਹੋਰ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਚੁੱਕੇ ਹਨ। ਇਸ ਸੇਵਾ ਭਾਵਨਾ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਸਿਲਾਈ ਸੈਂਟਰ ਦਾ ਉਦਘਾਟਨ ਗਰੁੱਪ ਦੇ ਸਰਗਰਮ ਮੈਂਬਰ ਤੇ ਧਰਮ ਸਿੰਘ ਮੁੰਨੇ ਵਲੋਂ ਕੀਤਾ ਗਿਆ। ਸੈਂਟਰ ਦੀ ਸਥਾਪਨਾ ਕਰਨ ਵਾਲੇ ਸੇਵਾਦਾਰ ਵਲੋਂ ਲੜਕੀਆਂ ਦੀ ਸਿਖਲਾਈ ਲਈ 10 ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ। ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਧੀਆਂ ਨੂੰ ਹੁਨਰਮੰਦ ਬਣਾਉਣਾ ਸਭ ਤੋਂ ਵੱਡੀ ਸਮਾਜਿਕ ਸੇਵਾ ਹੈ ਜਿਸ ਨਾਲ ਉਹ ਆਪਣੀ ਕਿਰਤ-ਕਮਾਈ ਰਾਹੀਂ ਆਤਮ-ਨਿਰਭਰ ਜੀਵਨ ਬਤੀਤ ਕਰ ਸਕਣਗੀਆਂ। ਉਨ੍ਹਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਇਸ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਤਾਂ ਜੋ ਹੋਰ ਵੱਧ ਲੋੜਵੰਦ ਧੀਆਂ ਨੂੰ ਹੁਨਰ ਤੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ।