ਰੂਪਨਗਰ, 1 ਜੁਲਾਈ (ਯਸ਼ਵੰਤ ਬੱਸੀ)-ਬਰਸਾਤੀ ਮੌਸਮ ਦੇ ਮੱਦੇਨਜ਼ਰ ਹਲਕਾ ਰੂਪਨਗਰ ਵਿਚ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪ੍ਰਸ਼ਾਸਨ, ਫ਼ੌਜ ਤੇ ਜਨ ਪ੍ਰਤੀਨਿਧੀਆਂ ਨੇ ਸਾਂਝੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਨਾਲ ਗੈਸਟ ਹਾਊਸ ਵਿਖੇ ਹੜ੍ਹ ਪ੍ਰਬੰਧਨ ਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਭਾਰਤੀ ਫੌਜ ਦੀ 16 ਸਿੱਖ ਰੈਜੀਮੈਂਟ ਤੋਂ ਮੇਜਰ ਸੂਰੀਆ ਰਾਏ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਇੰਪਰੂਵਮੈਂਟ ਟਰੱਸਟ ਰੂਪਨਗਰ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਨਗਰ ਕੌਂਸਲ ਰੂਪਨਗਰ ਦੇ ਚੇਅਰਮੈਨ ਰਾਜੂ ਸਤਿਆਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਹੜ੍ਹਾਂ ਦੌਰਾਨ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਵਿਸਥਾਰ ਪੂਰਵਕ ਵਿਚਾਰਾਂ ਕੀਤੀਆਂ। ਇਸ ਮੀਟਿੰਗ ਦੌਰਾਨ ਨੁਮਾਇੰਦਿਆਂ ਵਲੋਂ ਦਰਿਆਈ ਇਲਾਕਿਆਂ, ਨੀਵੇਂ ਪੈਂਦੇ ਪਿੰਡਾਂ, ਡਰੇਨਾਂ ਅਤੇ ਬਰਸਾਤੀ ਪਾਣੀ ਦੇ ਇਕੱਠ ਹੋਣ ਵਾਲੇ ਸਥਾਨਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਐਮਰਜੈਂਸੀ ਦੌਰਾਨ ਰੈਸਕਿਊ ਅਭਿਆਨ, ਲੋਕਾਂ ਦੀ ਸੁਰੱਖਿਅਤ ਥਾਵਾਂ ’ਤੇ ਸ਼ਿਫਟਿੰਗ, ਕਿਸ਼ਤੀਆਂ ਅਤੇ ਹੋਰ ਬਚਾਅ ਸਾਧਨਾਂ ਦੀ ਉਪਲਬਧਤਾ ਅਤੇ ਆਪਸੀ ਤਾਲਮੇਲ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਵਿੱਚ ਲੋਕਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ ਅਤੇ ਹਰ ਵਿਭਾਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸੁਚੇਤ ਕੀਤਾ ਗਿਆ ਹੈ। ਉੱਥੇ ਹੀ ਮੇਜਰ ਸੂਰੀਆ ਰਾਏ ਨੇ ਭਰੋਸਾ ਦਿਵਾਇਆ ਕਿ ਭਾਰਤੀ ਫ਼ੌਜ ਦੀ ਫਲੱਡ ਰਿਲੀਫ ਟੀਮ ਹਰ ਵੇਲੇ ਤਿਆਰ ਹੈ ਅਤੇ ਜਿਵੇਂ ਹੀ ਲੋੜ ਪਵੇਗੀ, ਫੌਜੀ ਟੀਮਾਂ ਤੁਰੰਤ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰਨਗੀਆਂ। ਇਸ ਮੌਕੇ ਸੂਬੇਦਾਰ ਦਰਸ਼ਨ ਸਿੰਘ ਅਤੇ ਨਾਇਬ ਸੂਬੇਦਾਰ ਹਰਜਾਪ ਸਿੰਘ ਵੀ ਹਾਜ਼ਰ ਸਨ।