05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵਿਆਹੁਤਾ ਔਰਤ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 04-07-2026
ਨੂਰਪੁਰ ਬੇਦੀ, 3 ਜੁਲਾਈ (ਰਾਜੇਸ਼ ਚੌਧਰੀ)-ਪਿੰਡ ਮੁੰਨੇ ਦੀ ਇਕ 28 ਸਾਲਾ ਵਿਆਹੁਤਾ ਔਰਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ, ਜਿਸ ਤਹਿਤ ਸਥਾਨਕ ਪੁਲਿਸ ਨੇ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੇ ਵਿਦੇਸ਼ ਰਹਿੰਦੇ ਪਤੀ, ਸੱਸ ਤੇ ਦੋ ਨਣਦਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਕਿਰਨਜੀਤ ਕੌਰ (28), ਪੁੱਤਰੀ ਪਿਆਰਾ ਸਿੰਘ ਵਾਸੀ ਪਿੰਡ ਗਰੇਵਾਲ, ਦੇ ਭਰਾ ਮਲਕੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਪਿੰਡ ਮੁੰਨੇ ਦੇ ਰਹਿਣ ਵਾਲੇ ਗੁਰਦੀਪ ਸਿੰਘ ਉਰਫ਼ ਦੀਪ ਨਾਲ ਹੋਇਆ ਸੀ ਜੋ ਕਿ ਸਾਉਦੀ ਅਰਬ ਵਿਖੇ ਟਰੱਕ ਚਲਾਉਂਦਾ ਹੈ। ਦੋਵਾਂ ਦਾ ਇੱਕ ਕਰੀਬ 10 ਮਹੀਨੇ ਦਾ ਪੁੱਤਰ ਵੀ ਹੈ। ਉਸ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਪਤੀ ਗੁਰਦੀਪ ਸਿੰਘ, ਸੱਸ ਸੁਖਵਿੰਦਰ ਕੌਰ ਉਰਫ਼ ਦਰਸ਼ਨਾਂ ਦੇਵੀ ਅਤੇ ਨਣਦਾਂ ਅਨੂ ਅਤੇ ਮਨੀ ਉਸ ਦੀ ਭੈਣ ਨਾਲ ਅਕਸਰ ਲੜਾਈ-ਝਗੜਾ ਕਰਦੀਆਂ ਤੇ ਉਸ ਨੂੰ ਆਪਣੇ ਘਰ ਨਾ ਰੱਖਣ ਅਤੇ ਤਲਾਕ ਦੇ ਦੇਣ ਦੀਆਂ ਧਮਕੀਆਂ ਵੀ ਦਿੰਦੇ ਸਨ। ਉਸਨੇ ਦੱਸਿਆ ਕਿ ਪਹਿਲਾਂ ਵੀ ਕਿਰਨਜੀਤ ਕੌਰ ਨਾਲ ਹੋਏ ਝਗੜੇ ਦਾ ਨਿਪਟਾਰਾ ਪਿੰਡ ਦੀ ਪੰਚਾਇਤ ਰਾਹੀਂ ਕਰਵਾਇਆ ਗਿਆ ਸੀ। ਉਸ ਨੇ ਦੱਸਿਆ ਕਿ 28 ਜੂਨ ਨੂੰ ਉਨ੍ਹਾਂ ਦੇ ਘਰ ਇੱਕ ਪਰਿਵਾਰਕ ਸਮਾਗਮ ਸੀ, ਜਿਸ ਵਿਚ ਕਿਰਨਜੀਤ ਕੌਰ ਆਪਣੇ ਬੱਚੇ ਸਮੇਤ ਪੇਕੇ ਘਰ ਗਰੇਵਾਲ ਵਿਖੇ ਆਈ ਹੋਈ ਸੀ। ਉਸ ਸਮੇਂ ਵੀ ਉਸ ਨੇ ਆਪਣੇ ਸਹੁਰੇ ਪਰਿਵਾਰ ਵਲੋਂ ਕੀਤੀ ਜਾ ਰਹੀ ਤੰਗ-ਪਰੇਸ਼ਾਨੀ ਬਾਰੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਸੀ। ਇਸ ਤੋਂ ਬਾਅਦ 1 ਜੁਲਾਈ ਨੂੰ ਉਸ ਦਾ ਭਤੀਜਾ ਕਿਰਨਜੀਤ ਕੌਰ ਨੂੰ ਉਸ ਦੇ ਸਹੁਰੇ ਘਰ ਪਿੰਡ ਮੁੰਨੇ ਛੱਡ ਕੇ ਆਇਆ ਸੀ। ਸ਼ਿਕਾਇਤਕਰਤਾ ਮੁਤਾਬਿਕ ਦੂਜੇ ਦਿਨ ਉਨ੍ਹਾਂ ਨੂੰ ਰਿਸ਼ਤੇਦਾਰਾਂ ਰਾਹੀਂ ਫ਼ੋਨ ‘ਤੇ ਸੂਚਨਾ ਮਿਲੀ ਕਿ ਕਿਰਨਜੀਤ ਕੌਰ ਨੇ ਫਾਹਾ ਲਗਾ ਲਿਆ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਸਿੰਘ ਪੁਰ ਲਿਜਾਇਆ ਗਿਆ ਹੈ। ਪਰਿਵਾਰਕ ਮੈਂਬਰ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਲਾਸ਼ ਦੇਖੀ ਤਾਂ ਉਸ ਦੇ ਗਲੇ ‘ਤੇ ਡੂੰਘਾ ਨਿਸ਼ਾਨ ਸੀ। ਮਲਕੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਨੇ ਸਹੁਰੇ ਪਰਿਵਾਰ ਵਲੋਂ ਲਗਾਤਾਰ ਕੀਤੀ ਜਾ ਰਹੀ ਮਾਨਸਿਕ ਪਰੇਸ਼ਾਨੀ ਅਤੇ ਤਲਾਕ ਦੀਆਂ ਧਮਕੀਆਂ ਤੋਂ ਤੰਗ ਆ ਕੇ ਆਤਮਹੱਤਿਆ ਕੀਤੀ। ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਪਤੀ ਗੁਰਦੀਪ ਸਿੰਘ, ਸੱਸ ਸੁਖਵਿੰਦਰ ਕੌਰ ਉਰਫ਼ ਦਰਸ਼ਨਾਂ ਦੇਵੀ ਅਤੇ ਨਣਦਾਂ ਅਨੂ ਤੇ ਮਨੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੱਸ ਗ੍ਰਿਫ਼ਤਾਰ ਥਾਣਾ ਮੁਖੀ ਗੁਰਮੁਖ ਸਿੰਘ-ਸਥਾਨਕ ਥਾਣਾ ਮੁਖੀ ਸਬ-ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੱਸ ਸੁਖਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅੱਜ ਮਾਨਯੋਗ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਮਹਿਲਾ ਸ਼ਕਤੀਕਰਨ ਲਈ ਅਹਿਮ ਕਦਮ-ਕੂੰਨਰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ
Ad Position 24
No active advertisement