ਨੂਰਪੁਰ ਬੇਦੀ, 3 ਜੁਲਾਈ (ਵਿੰਦਰਪਾਲ ਝਾਂਡੀਆਂ)-ਪੇਂਡੂ ਚੌਕੀਦਾਰਾਂ ਨੇ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਜਸਵਿੰਦਰ ਕੌਰ ਜ਼ਰੀਏ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਆਜ਼ਾਦ ਪੇਂਡੂ ਚੌਕੀਦਾਰ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਨੂੰ ਮਿਲੇ ਚੌਕੀਦਾਰਾਂ ਦੇ ਵਫ਼ਦ ਨੇ ਮੰਗ ਪੱਤਰ ‘ਚ ਦਰਜ ਮੰਗਾਂ ਸਬੰਧੀ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ 1,500 ਰੁਪਏ ਮਹੀਨਾ ਦੇ ਹਿਸਾਬ ਨਾਲ ਮਾਣ ਭੱਤਾ ਮਿਲਦਾ ਹੈ, ਜੋ ਨਾਕਾਫ਼ੀ ਹੈ। ਜਦਕਿ ਮਾਲ ਵਿਭਾਗ ਵਲੋਂ 2021 ਨੂੰ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਜਨਮ ‘ਤੇ ਮੌਤ ਦੇ ਰਜਿਸਟਰੇਸ਼ਨ ਦਾ ਕੰਮ ਚੌਕੀਦਾਰਾਂ ਨੂੰ ਦਿੱਤਾ ਜਾਣਾ ਸੀ, ਪਰ ਸਿਹਤ ਵਿਭਾਗ ਵਲੋਂ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੇਂਡੂ ਚੌਕੀਦਾਰ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ ਵੀ ਅਕਤੂਬਰ 2021 ਨੂੰ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ‘ਤੇ ਵੀ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਪੇਂਡੂ ਚੌਕੀਦਾਰਾਂ ਨੂੰ 11 ਹਜ਼ਾਰ ਰੁਪਏ ਮਹੀਨਾ ਤਨਖ਼ਾਹ, ਵਰਦੀ ਭੱਤਾ, ਡੰਡਾ-ਬੈਟਰੀ ਭੱਤਾ, ਸਮੇਂ-ਸਮੇਂ ‘ਤੇ ਸਾਈਕਲ, ਰਿਟਾਇਰਮੈਂਟ ਸਹਾਇਤਾ, ਸਿਹਤ ਬੀਮਾ ਤੇ ਈ.ਪੀ.ਐਫ. ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਪੰਜਾਬ ਦੇ ਚੌਕੀਦਾਰ ਬਹੁਤ ਘੱਟ ਮਾਣ ਭੱਤੇ ‘ਤੇ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਚੌਕੀਦਾਰਾਂ ਨੂੰ ਦਰਜਾ-4 ਮੁਲਾਜ਼ਮਾਂ ਵਜੋਂ ਘੋਸ਼ਿਤ ਕਰਕੇ ਵਾਜਬ ਤਨਖ਼ਾਹ ‘ਤੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਜਦਕਿ ਲਟਕੇ ਨੋਟੀਫਿਕੇਸ਼ਨਾਂ ਨੂੰ ਲਾਗੂ ਕੀਤਾ ਜਾਵੇ। ਵਫ਼ਦ ‘ਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਹਿਆਤਪੁਰ, ਸੀਨੀਅਰ ਮੀਤ ਪ੍ਰਧਾਨ ਨਸੀਬ ਚੰਦ ਮਾਧੋਪੁਰ, ਤਹਿਸੀਲ ਪ੍ਰਧਾਨ ਜਸਵਿੰਦਰ ਸਿੰਘ ਆਜਮਪੁਰ, ਚੇਅਰਮੈਨ ਬਿਹਾਰੀ ਲਾਲ ਰਾਏਪੁਰ, ਖ਼ਜ਼ਾਨਚੀ ਟੀਕਮ ਰੌਲ਼ੀ, ਬਲਾਕ ਪ੍ਰਧਾਨ ਰਾਮ ਰੱਖਾ ਆਦਿ ਹਾਜ਼ਰ ਸਨ।