aਸ੍ਰੀ ਚਮਕੌਰ ਸਾਹਿਬ, 3 ਜੁਲਾਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਝੱਲੀਆਂ ਕਲਾਂ ਵਿਖੇ ਪੰਜਾਬ ਸਰਕਾਰ ਵਲੋਂ ਸਰਹਿੰਦ ਨਹਿਰ ਦੇ ਪਾਣੀ ਨਾਲ ਖੇਤਾਂ ਨੂੰ ਸਿੰਜਾਈ ਲਈ ਲਗਾਇਆ ਪ੍ਰੋਜੈਕਟ ਪਿਛਲੇ ਤਿੰਨ ਵਰਿ੍ਹਆਂ ਤੋਂ ਚਿੱਟਾ ਹਾਥੀ ਬਣਿਆ ਹੋਇਆ ਹੈ, ਜਿਸ ਨੂੰ ਪਿੰਡ ਦੇ ਕਿਸਾਨਾ ਨੇ ਖੁੱਦ ਮੁਰੰਮਤ ਕਰਵਾ ਕੇ ਹੁਣ ਚਾਲੂ ਕੀਤਾ ਹੈ। ਪਿੰਡ ਦੇ ਕਿਸਾਨ ਤੇ ਐਡਵੋਕੇਟ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਬੰਧਿਤ ਵਿਭਾਗ ਵਲੋਂ ਇਸ ਪ੍ਰੋਜੈਕਟ ਨੂੰ ਚਾਲੂ ਕਰਨ ਵਿਚ ਆਪਣੇ ਹੱਥ ਖੜੇ ਕਰ ਦਿੱਤੇ ਸਨ, ਪਰ ਪਿੰਡ ਦੇ ਕਿਸਾਨਾਂ ਨੇ ਆਪਣੇ ਪਲਿਓ ਪੈਸੇ ਇਕੱਠੇ ਕਰਕੇ ਕਰਵਾਈ ਮੁਰੰਮਤ ਨਾਲ ਪ੍ਰੋਜੈਕਟ ਚਾਲੂ ਤਾਂ ਕਰ ਲਿਆ ਗਿਆ ਹੈ, ਪਰ ਅਜੇ ਕਈ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਨਹੀ ਪਹੁੰਚਿਆਂ। ਜਾਣਕਾਰੀ ਅਨੁਸਾਰ 2024 ਵਿਚ ਇਸ ਪ੍ਰੋਜੈਕਟ ਰਾਹੀਂ ਪਿੰਡ ਦੇ 258 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਨਾਲ ਸਿੰਜਾਈ ਕੀਤੇ ਜਾਣਾ ਸੀ ਪਰ ਇਹ ਪ੍ਰੋਜੈਕਟ ਸ਼ੁਰੂ ’ਚ ਹੀ ਇੱਕ ਦੋ ਦਿਨ ਚਲਿਆ ਤੇ ਉਸ ਤੋਂ ਬਾਅਦ ਵਿਭਾਗ ਦੀਆਂ ਟੀਮਾਂ ਦੇ ਗੇੜੇ ਜ਼ਰੂਰ ਵਜਦੇ ਰਹੇ ਪਰ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਜਾਈ ਲਈ ਪਾਣੀ ਨਸੀਬ ਨਹੀ ਹੋਇਆ। ਇਸ ਦੌਰਾਨ ਇਸ ਪ੍ਰੋਜੈਕਟ ਲਈ ਲਗਾਈ ਮੋਟਰ (ਪੰਪ ) ਵੀ ਚੋਰੀ ਹੋ ਗਈ। ਉਸ ਤੋਂ ਬਾਅਦ ਵਿਭਾਗ ਵਲੋਂ ਮੁੜ ਡੂੰਘਾਂ ਪੰਪ ਲਗਾਇਆ ,ਉਸ ਦੇ ਬਾਵਜੂਦ ਫਸਲਾਂ ਪਾਣੀ ਤੋਂ ਵਾਂਝੀਆਂ ਰਹੀਆਂ। ਸ਼ਿਕਾਇਤਾਂ ਹੋਣ ਤੇ ਵਿਭਾਗ ਦੀ ਇੱਕ ਉੱਚ ਪੱਧਰੀ ਟੀਮ ਨੇ 2025 ਵਿਚ ਦੌਰਾ ਕੀਤਾ ਤੇ ਇਸ ਦੀ ਸਮੁੱਚੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਣ ਦਾ ਭਰੋਸਾ ਦਵਾ ਕੇ ਚਲੀ ਗਈ। ਪਿੰਡ ਦੇ ਕਿਸਾਨ ਨਹਿਰੀ ਪਾਣੀ ਨੂੰ ਊਡੀਕਦੇ ਰਹੇ ਪਰ ਵਿਭਾਗ ਨੇ ਮੁੜ ਕੋਈ ਧਿਆਨ ਨਹੀ ਦਿੱਤਾ। ਐਡਵੋਕੇਟ ਗੁਰਜੀਤ ਸਿੰਘ ਨੇ ਦੱਸਿਆ ਕਿ ਆਖਿਰ ਪਿੰਡ ਦੇ ਕਿਸਾਨਾਂ ਨੇ ਖੁੱਦ ਹਿੰਮਤ ਕਰਦਿਆਂ ਇਸ ਪ੍ਰੋਜੈਕਟ ਦੀ ਮੁਰੰਮਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਪ੍ਰੋਜੈਕਟ ਕਿਸਾਨਾਂ ਦੀ ਬੇਹਤਰੀ ਦੇ ਮਨਸੂਬੇ ਨਾਲ ਸੁਰੂ ਕੀਤੇ ਗਏ ਪਰ ਵਿਭਾਗੀ ਅਣਗਹਿਲੀ ਕਾਰਨ ਕਿਸਾਨਾ ਨੂੰ ਮਾਯੂਸ ਹੋਣਾ ਪਿਆ। ਐਡਵੋਕੇਟ ਗੁਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਬਲਜੀਤ ਸਿੰਘ ਘੋਲਾ ਅਤੇ ਪਿੰਡ ਦੇ ਹੋਰ ਕਿਸਾਨਾ ਨੇ ਮੰਗ ਕੀਤੀ ਹੈ ਇਸ ਪ੍ਰੋਜੈਕਟ ਨੂੰ ਸਹੀ ਰੂਪ ਵਿਚ ਮੁਰੰਮਤ ਕਰਵਾ ਕੇ ਸਮੂਹ ਕਿਸਾਨਾ ਨੂੰ ਇਸ ਦਾ ਲਾਭ ਪਹੁੰਚਾਇਆ ਜਾਵੇ।