ਨੰਗਲ, 4 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਪ੍ਰਾਈਮੋ ਕੈਮੀਕਲ ਲਿਮਟਿਡ ਨਵਾਂ ਨੰਗਲ ਵਲੋਂ ਅੱਜ ਸੀ.ਐਸ.ਆਰ. ਗਤੀਵਿਧੀਆਂ ਨੂੰ ਅੱਗੇ ਵਧਾਉਂਦੇ ਹੋਏ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਫ਼ਸਟ ਏਡ ਕਿੱਟਾਂ ਅਤੇ ਸੈਨੇਟਰੀ ਕਿੱਟਾਂ ਵੰਡੀਆਂ ਗਈਆਂ, ਇਸ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਿਹਤ ਸਫ਼ਾਈ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ, ਸੇਂਟ ਸੋਲਜਰ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਿਰਮਲ ਵਾਸੂਦੇਵਾ ਨੇ ਇਸ ਮੌਕੇ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਸਥਾਨਕ ਇਹ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਕੰਪਨੀ ਦੀ ਨਿਰੰਤਰ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਪਿੰਡ ਮੌਜੋਵਾਲ ਦੇ ਸਰਪੰਚ ਸੁਨੀਲ ਕੁਮਾਰ ਨੇ ਆਪਣੇ ਵਫ਼ਦ ਨਾਲ ਮਿਲ ਕੇ ਪਿੰਡ ਵਾਸੀਆਂ ਦੀ ਪਹਿਲਾਂ ਦੀ ਬੇਨਤੀ ਦੇ ਜਵਾਬ ਵਿਚ ਫ਼ੈਕਟਰੀ ਪ੍ਰਬੰਧਕਾਂ ਵਲੋਂ ਪ੍ਰਦਾਨ ਕੀਤਾ ਗਿਆ ਆਰਓ-ਕਮ-ਵਾਟਰ ਕੂਲਰ ਪ੍ਰਾਪਤ ਕੀਤਾ। ਉਨ੍ਹਾਂ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰਾਈਮਮੋਕੈਮੀਕਲ ਦੇ ਜਨਰਲ ਮੈਨੇਜਰ ਵਰਕਸ ਅਜੈ ਸ਼ਰਮਾ ਅਤੇ ਡਾ. ਭਗਵਤੀ ਪ੍ਰਸਾਦ ਸਹਾਇਕ ਜਨਰਲ ਮੈਨੇਜਰ ਐਚ. ਆਰ. ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਅਜੈ ਸ਼ਰਮਾ ਨੇ ਕਿਹਾ ਕਿ ਪ੍ਰਾਈਮੋ ਕੈਮੀਕਲਜ਼ ਲਿਮਟਿਡ ਆਪਣੇ ਕਰਮਚਾਰੀਆਂ ਦੇ ਨਾਲ-ਨਾਲ ਸਥਾਨਕ ਭਾਈਚਾਰੇ ਦੇ ਸਮੁੱਚੇ ਵਿਕਾਸ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੰਪਨੀ ਆਪਣੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲਕਦਮੀਆਂ ਰਾਹੀਂ ਸਿਹਤ, ਸਿੱਖਿਆ, ਸੈਨੀਟੇਸ਼ਨ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ ਵਿਚ ਯੋਗਦਾਨ ਪਾਉਂਦੀ ਰਹੇਗੀ।