ਨੰਗਲ, 29 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਅੱਜ ਸਵੇਰੇ ਪਿੰਡ ਕੰਚੇੜਾ ਵਾਰਡ 13 ਨੰਗਲ ਤੋਂ ਸ਼ਰਧਾਲੂਆਂ ਲਈ ਅੰਮ੍ਰਿਤਸਰ ਸਾਹਿਬ ਜਾਣ ਵਾਲੀ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਇਲਾਕੇ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ, ਜਿੱਥੇ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਰਵਾਨਾ ਕਰਨ ਲਈ ਇਕੱਠੇ ਹੋਏ। ਇਸ ਮੌਕੇ ਯਾਤਰਾ ਕਰਨ ਵਾਲੇ ਸਮੂਹ ਸ਼ਰਧਾਲੂਆਂ ਨੂੰ ਹਾਰ ਪਾਏ ਗਏ ਅਤੇ ਢੋਲ ਢਮੱਕੇ ਨਾਲ ਬਸ ਨੂੰ ਰਵਾਨਾ ਕੀਤਾ ਗਿਆ। ਇਸ ਯਾਤਰਾ ਦੀ ਸ਼ੁਰੂਆਤ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ, ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸ੍ਰੀਮਤੀ ਕਿਰਨ ਬਾਲਾ ਅਤੇ ਕੌਂਸਲਰ ਹਰਦੀਪ ਸਿੰਘ ਬੈਂਸ ਵਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਧਾਰਮਿਕ ਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਮ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਕੌਂਸਲਰ ਹਰਦੀਪ ਸਿੰਘ ਬੈਂਸ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਯੋਜਨਾ ਨਾਲ ਉਹ ਲੋਕ ਵੀ ਧਾਰਮਿਕ ਯਾਤਰਾ ਕਰ ਸਕਦੇ ਹਨ ਜੋ ਆਰਥਿਕ ਤੌਰ ਕਮਜ਼ੋਰ ਹਨ। ਇਸ ਨਾਲ ਲੋਕਾਂ ਵਿਚ ਸਰਕਾਰ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣ। ਇਸ ਮੌਕੇ ਲੋਕਾਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਇਹ ਉਪਰਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਏ ਹਨ ਅਤੇ ਇਸ ਨਾਲ ਸਮਾਜ ਵਿਚ ਸਕਾਰਾਤਮਕ ਸੁਨੇਹਾ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।