ਰੂਪਨਗਰ, 29 ਜੁਲਾਈ (ਸਤਨਾਮ ਸਿੰਘ ਸੱਤੀ)-ਨਿਊ ਮਾਡਲ ਟਾਊਨ, ਰੈਲੋ ਰੋਡ ਦੇ ਸਮੂਹ ਨਿਵਾਸੀਆਂ ਵਲੋਂ ਇੱਕ ਹੰਗਾਮੀ ਮੀਟਿੰਗ ਸੱਦੀ ਗਈ, ਜਿਸ ਵਿਚ ਕਲੋਨੀ ਦੇ ਵੱਡੀ ਗਿਣਤੀ ਵਸਨੀਕਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕਲੋਨੀ ਦੇ ਵਿਕਾਸ, ਸਫ਼ਾਈ, ਸੁਰੱਖਿਆ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਲਈ ਨਿਊ ਮਾਡਲ ਟਾਊਨ ਵੈੱਲਫੇਅਰ ਸੋਸਾਇਟੀ ਰੋਪੜ ਦਾ ਗਠਨ ਕੀਤਾ ਗਿਆ। ਇਸ ਮੌਕੇ ਛੇ ਮੈਂਬਰੀ ਕਾਰਜਕਾਰਨੀ ਦੀ ਚੋਣ ਕੀਤੀ ਗਈ, ਜਿਸ ਵਿਚ ਸ੍ਰੀਮਤੀ ਸੀਮਾ ਸੈਣੀ ਨੂੰ ਪ੍ਰਧਾਨ, ਰਣਜੀਤ ਸਿੰਘ ਨੂੰ ਵਾਈਸ ਪ੍ਰਧਾਨ, ਤੇਜਿੰਦਰ ਸਿੰਘ ਸੈਣੀ ਨੂੰ ਜਨਰਲ ਸਕੱਤਰ, ਇੰਦਰਪਾਲ ਬਿਆਨਾ ਨੂੰ ਜੁਆਇੰਟ ਸਕੱਤਰ, ਸ੍ਰੀਮਤੀ ਗੁਰਵਿੰਦਰ ਕੌਰ ਨੂੰ ਕੈਸ਼ੀਅਰ ਅਤੇ ਸ੍ਰੀਮਤੀ ਰਾਧਿਕਾ ਵੋਹਰਾ ਨੂੰ ਕੋ-ਕੈਸ਼ੀਅਰ ਚੁਣਿਆ ਗਿਆ। ਨਵੀਂ ਚੁਣੀ ਗਈ ਕਾਰਜਕਾਰਨੀ ਦਾ ਕਲੋਨੀ ਵਾਸੀਆਂ ਵਲੋਂ ਹਾਰ ਪਾ ਕੇ ਨਿੱਘਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ੍ਰੀਮਤੀ ਸੀਮਾ ਸੈਣੀ ਨੇ ਸਮੂਹ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸੋਸਾਇਟੀ ਕਲੋਨੀ ਦੇ ਵਿਕਾਸ ਅਤੇ ਲੋਕ ਭਲਾਈ ਦੇ ਹਰ ਕੰਮ ਵਿਚ ਅੱਗੇ ਰਹਿ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਾਰੇ ਵਸਨੀਕਾਂ ਦੇ ਸਹਿਯੋਗ ਨਾਲ ਕਲੋਨੀ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਸਮੂਹ ਨਿਵਾਸੀਆਂ ਨੂੰ ਸੋਸਾਇਟੀ ਦੀਆਂ ਗਤੀਵਿਧੀਆਂ ਵਿਚ ਪੂਰਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।