ਐੱਸ. ਏ. ਐੱਸ. ਨਗਰ, 6 ਅਗਸਤ (ਕਪਿਲ ਵਧਵਾ)-ਜ਼ੀਰਕਪੁਰ ਦੀ ਫਰਮ ਮੈਸ. ਡੀ. ਐੱਸ. ਬਿਲਡਟੈੱਕ ਨਾਲ ਜੁੜੇ ਕਥਿਤ ਕਰੋੜਾਂ ਰੁ. ਦੀ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਮਾਮਲੇ ਵਿਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਮੁਲਜ਼ਮ ਆਦਰਸ਼ ਗਰਗ ਅਤੇ ਪ੍ਰਵੀਨ ਗਰਗ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਮਾਮਲੇ ਵਿਚ ਲਗਾਏ ਗਏ ਦੋਸ਼ ਗੰਭੀਰ ਪ੍ਰਕਿਰਤੀ ਦੇ ਹਨ ਅਤੇ ਜਾਂਚ ਨੂੰ ਅੱਗੇ ਵਧਾਉਣ ਲਈ ਮੁਲਜ਼ਮਾਂ ਤੋਂ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ। ਜ਼ਿਕਰਯੋਗ ਹੈ ਕਿ ਇਹ ਮਾਮਲਾ ਥਾਣਾ ਸੋਹਾਣਾ ਵਿਖੇ 27 ਜੁਲਾਈ ਨੂੰ ਦਰਜ ਐੱਫ. ਆਈ. ਆਰ. ਨਾਲ ਸੰਬੰਧਿਤ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਭਾਈਵਾਲੀ ਫਰਮ ਵਿਚ ਹਿੱਸੇਦਾਰੀ ਖ਼ਰੀਦਣ ਲਈ ਹੋਏ ਐੱਮ. ਓ. ਯੂ. ਦੇ ਬਾਵਜੂਦ ਤੈਅ ਕੀਤੀ ਗਈ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਜਾਅਲਸਾਜ਼ੀ ਕਰਕੇ ਫਰਮ ਦਾ ਕਾਰੋਬਾਰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਕਰੋੜਾਂ ਰੁ. ਦਾ ਆਰਥਿਕ ਨੁਕਸਾਨ ਪੁੱਜਿਆ।