ਏ. ਟੀ. ਐਮ. ਤੋੜ ਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮ ਕਾਬੂ
ਨੰਗਲ, 17 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਪੁਲਿਸ ਨੇ ਬੈਂਕ ਆਫ਼ ਬੜੌਦਾ ਜਵਾਹਰ ਮਾਰਕੀਟ ਨੰਗਲ ਤੇ ਐਸ. ਬੀ.
ਨੰਗਲ, 17 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਪੁਲਿਸ ਨੇ ਬੈਂਕ ਆਫ਼ ਬੜੌਦਾ ਜਵਾਹਰ ਮਾਰਕੀਟ ਨੰਗਲ ਤੇ ਐਸ.ਬੀ.ਆਈ. ਬੈਂਕ ਮੋਜੋਵਾਲ ਦੇ ਏ.ਟੀ.ਐਮ. ਤੋੜ ਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਵਲੋਂ ਵਾਰਦਾਤ ਲਈ ਵਰਤੀ ਸਕੋਰਪੀਓ ਗੱਡੀ ਵੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ 12-13 ਅਗਸਤ ਦੀ ਦਰਮਿਆਨੀ ਰਾਤ ਸਮੇਂ ਏ.ਟੀ.ਐਮ. ਦੇ ਸ਼ੀਸ਼ੇ ਤੋੜ ਕੇ ਰੱਸਿਆਂ ਦੀ ਮਦਦ ਨਾਲ ਏ.ਟੀ.ਐੱਮ. ਨੂੰ ਪੁੱਟ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ। ਡੀ.ਐਸ.ਪੀ. ਨੰਗਲ ਨਵੀਨ ਪਾਲ ਸਿੰਘ ਲਹਿਲ ਵਲੋਂ ਪੁਲਿਸ ਥਾਣਾ ਨੰਗਲ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕਰਦੇਆਂ ਦੱਸਿਆ ਕਿ ਐਸ.ਐਸ.ਪੀ. ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਪੀ. (ਡੀ.) ਦੀ ਨਿਗਰਾਨੀ ਹੇਠ ਥਾਣਾ ਨੰਗਲ ਦੇ ਮੁੱਖ ਅਫ਼ਸਰ ਅਤੇ ਸੀ.ਆਈ.ਏ. ਟੀਮ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਅਮਨਦੀਪ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਚਮੇਲੀ ਥਾਣਾ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਅਤੇ ਅਰਮਾਨਦੀਪ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਰਾਮ ਨਗਰ ਥਾਣਾ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਜਾਣਕਾਰੀ ਮੁਤਾਬਕ 16 ਅਗਸਤ ਨੂੰ ਬੈਂਕ ਆਫ਼ ਬੜੌਦਾ ਜਵਾਹਰ ਮਾਰਕੀਟ ਨੰਗਲ ਦੇ ਏ.ਟੀ.ਐੱਮ. ਨੂੰ ਤੋੜ ਕੇ ਲੁੱਟਣ ਦੀ ਕੋਸ਼ਿਸ਼ ਸਬੰਧੀ ਥਾਣਾ ਨੰਗਲ ਵਿਖੇ ਐਫ਼.ਆਈ.ਆਰ. ਨੰਬਰ 149 ਮਿਤੀ 16.08.2026 ਦਰਜ ਕੀਤੀ ਗਈ। ਇਸ ਮਾਮਲੇ ਵਿੱਚ ਬੀ.ਐਨ.ਐਸ. ਦੀਆਂ ਧਾਰਾਵਾਂ 305, 62, 324(4), 331(4) ਅਤੇ 3(5) ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤੀ ਗਈ ਸਕੋਰਪੀਓ ਗੱਡੀ ਨੰਬਰ P2-04-17-1873 ਵੀ ਬਰਾਮਦ ਕਰ ਲਈ ਹੈ । ਡੀ.ਐਸ.ਪੀ. ਨੰਗਲ ਅਨੁਸਾਰ ਫੜੇ ਗਏ ਦੋਵਾਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਵਲੋਂ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।