ਨਵਾਂ ਪਿੰਡ, 28 ਜਨਵਰੀ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਇਤਿਹਾਸਕ ਕਿਸਾਨ ਅੰਦੋਲਨ ਦੀ 5ਵੀਂ ਵਰ੍ਹੇਗੰਢ 'ਤੇ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵਲੋਂ ਸਾਂਝੇ ਤੌਰ ਤੇ ਸਥਾਨਕ ਕਸਬਾ ਤੋਂ ਟਰੈਕਟਰ ਮਾਰਚ ਕੱਢਿਆ ਗਿਆ ਜੋ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ, ਨਿੱਜਰ ਟੋਲ ਪਲਾਜੇ 'ਤੇ ਸੈਂਕੜੇ ਟਰੈਕਟਰਾਂ ਨਾਲ ਜੰਡਿਆਲਾ ਗੁਰੂ ਪੁੱਜਾ | ਇਸ ਮੌਕੇ ਕਾਮਰੇਡ ਲਖਬੀਰ ਸਿੰਘ ਸੂਬਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਨੇ ਕਿਹਾ ਕੇਂਦਰ ਸਰਕਾਰ ਪਹਿਲਾਂ ਵਾਂਗ ਕਾਲੇ 3 ਕਿਸਾਨ ਕਾਨੂੰਨਾਂ ਦੀ ਤਰਜ 'ਤੇ ਹੁਣ ਬਿਜਲੀ ਤੇ ਬੀਜ ਕਨੂੰਨ 2025 ਰਾਹੀਂ ਮਨਰੇਗਾ, ਮਜ਼ਦੂਰ ਤੇ ਕਿਰਤ ਕਨੂੰਨ ਖ਼ਤਮ ਕਰਕੇ ਸਭ ਕੁਝ ਪੂੰਜੀਪਤੀਆਂ ਦੇ ਹੱਥਾਂ 'ਚ ਚਾਹੁੰਦੀ ਹੈ | ਅੱਜ ਦੇ ਟਰੈਕਟਰ ਮਾਰਚ ਰਾਹੀਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਸਮਾਜ ਦੇ ਹਰ ਵਰਗ ਨੂੰ ਇਨ੍ਹਾਂ ਨੀਤੀਆਂ ਖਿਲਾਫ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ | ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕਾਂ ਵਲੋਂ ਕੇਂਦਰ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ | ਟਰੈਕਟਰ ਮਾਰਚ ਦੀ ਅਗਵਾਈ ਲਖਬੀਰ ਸਿੰਘ ਨਿਜਾਮਪੁਰ, ਭੁਪਿੰਦਰ ਸਿੰਘ ਤੀਰਥਪੁਰਾ, ਤਰਸੇਮ ਸਿੰਘ ਨੰਗਲ, ਕਿਸਾਨ ਸੰਘਰਸ਼ ਕਮੇਟੀ ਆਜ਼ਾਦ ਦੇ ਹਰਜੀਤ ਸਿੰਘ ਝੀਤੇ ਕਿਸਾਨ ਸੰਘਰਸ਼ ਕਮੇਟੀ (ਪੰਨੂ) ਦੇ ਗੁਰਦੇਵ ਸਿੰਘ ਵਰਪਾਲ ਨੇ ਕੀਤੀ | ਇਸ ਮੌਕੇ ਕਰਨੈਲ ਸਿੰਘ ਨਵਾਂ ਪਿੰਡ, ਧਰਮਿੰਦਰ ਸਿੰਘ ਕਿਲ੍ਹਾ, ਗੁਰਮੇਜ ਸਿੰਘ ਮੱਖਣਵਿੰਡੀ, ਮਹਿਲ ਸਿੰਘ ਛਾਪਾ, ਹਰਜੀਤ ਸਿੰਘ ਨਿਜਾਮਪੁਰ ਤੇ ਅਵਤਾਰ ਸਿੰਘ ਵਡਾਲਾ ਜੌਹਲ ਹਾਜ਼ਰ ਸਨ |