ਓਠੀਆਂ, 28 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਤੋਂ ਪਾਸਾ ਵੱਟਣ ਕਾਰਨ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਯੂਨੀਅਨ ਵਲੋਂ 26 ਜਨਵਰੀ ਨੂੰ ਪੰਜਾਬ ਦੇ ਪਿੰਡਾਂ ਵਿਚ ਟਰੈਕਟਰ ਮਾਰਚ ਕਰਨ ਦਾ ਜੋ ਪ੍ਰੋਗਰਾਮ ਸੀ, ਜਿਸਦੇ ਤਹਿਤ ਅੱਜ ਕਸਬਾ ਓਠੀਆਂ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਖਜਾਨਚੀ ਕਿਸਾਨ ਆਗੂ ਮੇਜਰ ਸਿੰਘ ਕੜਿਆਲ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੀਤਾ ਗਿਆ, ਜੋ ਕਿ ਵੱਖ-ਵੱਖ ਪਿੰਡ ਓਠੀਆਂ, ਉਮਰਪੁਰਾ, ਜਸਤਰਾਵਾਲ, ਛੀਨਾ ਕਰਮ ਸਿੰਘ, ਬੋਹਲੀਆਂ, ਜੋਸ ਮੁਹਾਰ ਅਤੇ ਪਿੰਡ ਮਟੀਆ ਤੋਂ ਹੁੰਦਾ ਹੋਇਆ ਅੱਡਾ ਮਹਿਲ ਬੁਖਾਰੀ ਰਾਹੀਂ ਅੰਮਿ੍ਤਸਰ ਲਈ ਰਵਾਨਾ ਹੋਇਆ | ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਅਤੇ ਹੋਰ ਜੋ ਮੰਗਾਂ ਹਨ ਉਨ੍ਹਾਂ ਤੋਂ ਪਾਸਾ ਵੱਟ ਰਹੀ ਹੈ | ਕਿਸਾਨ ਆਗੂਆ ਇਹ ਕਿਸੇ ਵੀ ਕੀਮਤ 'ਤੇ ਬਿਜਲੀ ਸੋਧ ਬਿੱਲ 2025 ਲਾਗੂ ਨਹੀਂ ਹੋਣ ਦੇਣਗੇ, ਭਾਵੇਂ ਕਿਸਾਨਾਂ ਵਲੋਂ ਆਪਣੀਆਂ ਜਾਨਾ ਵੀ ਕੁਰਬਾਨ ਕਿਉਂ ਨਾ ਕਰਨੀਆਂ ਪੈਣ, ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਬਿੱਲੂ, ਜੀਤ ਸਿੰਘ ਕੜਿਆਲ, ਕੁਲਦੀਪ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਅਰਪਨਜੀਤ ਸਿੰਘ, ਸਤਨਾਮ ਸਿੰਘ, ਸਹਿਜਪ੍ਰੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |